ਮੁੰਬਈ : ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ (Mumbai) ਤੋਂ ਦਿਲ ਕੰਬਾਉਣ ਵਾਲੀ ਖ਼ਬਰ ਆ ਰਹੀ ਹੈ। ਮੁੰਬਈ ਦੇ ਤਾਜ ਹੋਟਲ (Taj Hotel) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਸੋਮਵਾਰ ਨੂੰ ਪਾਕਿਸਤਾਨ (Pakistan) ਦੇ ਕਰਾਚੀ (Karachi) ਤੋਂ ਆਏ ਇਕ ਫੋਨ ਰਾਹੀਂ ਦਿੱਤੀ ਗਈ ਹੈ। ਇਸ ਧਮਕੀ ਨੇ 26/11 ਵਰਗੇ ਹਮਲੇ ਦਾ ਡਰ ਪੈਦਾ ਕਰ ਦਿੱਤਾ ਹੈ ਜਿਸ ਨੂੰ ਦੇਖਦੇ ਹੋਏ ਮੁੰਬਈ ਪੁਲਿਸ (Mumbai Police) ਨੇ ਹੋਟਲ ਦੇ ਬਾਹਰ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਧਮਕੀ ਦੇਣ ਵਾਲੇ ਸ਼ਖ਼ਸ ਨੇ ਆਪਣਾ ਨਾਂ ਸੁਲਤਾਨ ਦੱਸਿਆ ਹੈ। ਇਸ ਸ਼ਖ਼ਸ ਨੇ ਮੁੰਬਈ ਦੇ ਤਾਜ ਹੋਟਲ 'ਚ ਮੁੜ 26/11 ਵਰਗਾ ਅੱਤਵਾਦੀ ਹਮਲਾ ਕਰਵਾਉਣ ਦੀ ਧਮਕੀ ਦਿੱਤੀ ਹੈ। ਇਸ ਨੇ ਹੋਟਲ ਮੁਲਾਜ਼ਮ ਨੂੰ ਆਪਣਾ ਵ੍ਹਟਸਐਪ ਨੰਬਰ ਵੀ ਦਿੱਤਾ ਹੈ। ਮੁੰਬਈ ਪੁਲਿਸ ਇਸ ਨੰਬਰ ਦੀ ਕਾਲ ਡਿਟੇਲ ਰਾਹੀਂ ਸ਼ਖ਼ਸ ਦਾ ਪਤਾ ਲਗਾ ਰਹੀ ਹੈ। ਜ਼ਿਕਰਯੋਗ ਹੈ ਕਿ 11 ਸਾਲ ਪਹਿਲਾਂ 26 ਨਵੰਬਰ, 2008 ਨੂੰ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਅੱਤਵਾਦੀ ਹਮਲਿਆਂ ਨਾਲ ਦਹਿਲ ਗਈ ਸੀ। ਮੁੰਬਈ 'ਚ ਅੱਤਵਾਦੀਆਂ ਨੇ ਕਈ ਜਗ੍ਹਾ ਹਮਲੇ ਕੀਤੇ ਸੀ ਜਿਨ੍ਹਾਂ ਵਿਚ 166 ਲੋਕਾਂ ਦੀ ਮੌਤ ਹੋ ਗਈ ਸੀ ਤੇ 600 ਤੋਂ ਜ਼ਿਆਦਾ ਜ਼ਖ਼ਮੀ ਹੋਏ ਸਨ।