ਚੰਡੀਗੜ੍ਹ, (ਸੱਚੀ ਕਲਮ ਬਿਊਰੋ) : ਸੈਕਟਰ-33 ਵਿਚ ਹਰਜੋਤ ਸਿੰਘ ਦੀ ਦਵਾਈਆਂ ਦੀ ਦੁਕਾਨ ਹੈ। ਪੁਲਿਸ ਨੇ ਹਰਜੋਤ ਕੋਲੋਂ 600 ਦੇ ਕਰੀਬ ਨਸ਼ੀਲੀ ਦਵਾਈ ਦੀਆਂ ਬੋਤਲਾਂ ਅਤੇ 400 ਦੇ ਕਰੀਬ ਗੋਲੀਆਂ ਬਰਾਮਦ ਕੀਤੀ ਹਨ। ਇਸ ਤੋਂ ਇਲਾਵਾ ਉਸ ਦੀ ਗੱਡੀ 'ਚੋਂ ਇਕ ਲੱਖ 70 ਹਜ਼ਾਰ ਰੁਪਏ ਨਕਦੀ ਵੀ ਬਰਾਮਦ ਹੋਈ ਹੈ।
ਥਾਣਾ ਸੈਕਟਰ-34 ਦੀ ਪੁਲਿਸ ਨੇ ਐਤਵਾਰ ਨੂੰ ਗੱਡੀ ਵਿਚ ਨਸ਼ੀਲੀਆਂ ਦਵਾਈਆਂ ਰੱਖਣ ਨੂੰ ਲੈ ਕੇ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਦੀ ਟੀਮ ਬੀਤੇ ਦਿਨੀਂ ਖੇਤਰ ਵਿਚ ਪਟਰੌਲਿੰਗ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਇਕ ਕਾਰ ਵਿਚ ਨਸ਼ੀਲੀ ਦਵਾਈ ਦੀਆਂ ਬੋਤਲਾਂ ਅਤੇ ਨਸ਼ੀਲੇ ਟੈਬਲੇਟ ਪਏ ਹਨ। ਸੂਚਨਾ 'ਤੇ ਇੰਸਪੈਕਟਰ ਬਲਦੇਵ ਕੁਮਾਰ ਦੀ ਅਗਵਾਈ ਵਿਚ ਇਕ ਟੀਮ ਗਠਤ ਕੀਤੀ ਗਈ। ਟੀਮ ਨੇ ਤੁਰਤ ਸੈਕਟਰ-33 ਮੈਡੀਕਲ ਸ਼ਾਪ ਕੋਲ ਖੜੀ ਕਾਰ ਦੀ ਚੈਕਿੰਗ ਕੀਤੀ ਤਾਂ ਪੁਲਿਸ ਨੂੰ ਨਸ਼ੀਲੀ ਦਵਾਈ ਦੀਆਂ ਬੋਤਲਾਂ, ਟੈਬਲੇਟ ਅਤੇ ਲੱਖਾਂ ਰੁਪਏ ਦੀ ਨਕਦੀ ਬਰਾਮਦ ਹੋਈ।
ਪੁਲਿਸ ਨੇ ਜਦ ਮੁਲਜ਼ਮ ਤੋਂ ਇਸ ਸਬੰਧੀ ਲਾਈਸੈਂਸ ਵਿਖਾਉਣ ਲਈ ਕਿਹਾ ਤਾਂ ਉਹ ਕੋਈ ਵੀ ਕਾਗ਼ਜ਼ਾਤ ਵਿਖਾਉਣ ਵਿਚ ਅਸਫ਼ਲ ਰਿਹਾ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਡਰੱਗ ਵਿਭਾਗ ਨੂੰ ਦਿਤੀ ਗਈ। ਡਰੱਗ ਇੰਸਪੈਕਟਰ ਸਾਰੀਕਾ ਮਲਿਕ ਵੀ ਮੌਕੇ 'ਤੇ ਪਹੁੰਚੀ ਅਤੇ ਪੁਲਿਸ ਨੇ ਮੁਲਜ਼ਮ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਮੌਕੇ ਦਾ ਜਾਇਜ਼ਾ ਲੈਣ ਲਈ ਏਐਸਪੀ ਨੇਹਾ ਯਾਦਵ ਵੀ ਪਹੁੰਚੀ।