ਭਰਤਪੁਰ : ਪਰਿੰਦਿਆਂ ਦੇ ਸਵਰਗ ਦੇ ਨਾਂ ਤੋਂ ਵਿਸ਼ਵ ਪ੍ਰਸਿੱਧ ਰਾਜਸਥਾਨ ਦੇ ਭਰਤਪੁਰ ਦੇ ਕੇਵਲਾ ਦੇਵ ਰਾਸ਼ਟਰੀ ਪਾਰਕ 'ਚ ਸੂਰਜ ਗ੍ਰਹਿਣ ਦਾ ਪੰਛੀਆਂ 'ਤੇ ਡੂੰਘਾ ਅਸਰ ਨਜ਼ਰ ਆਇਆ। ਰਾਸ਼ਟਰੀ ਪਾਰਕ ਨਾਲ ਜੁੜੇ ਸੂਤਰਾਂ ਮੁਤਾਬਕ ਸੂਰਜ ਗ੍ਰਹਿਣ ਦੌਰਾਨ ਸੂਰਜ ਦੀ ਰੌਸ਼ਨੀ ਵਿਚ ਬਦਲਾਅ ਹੋਣ ਦੇ ਨਾਲ-ਨਾਲ ਪੰਛੀਆਂ ਦੇ ਵਿਵਹਾਰ ਵਿਚ ਵੀ ਫ਼ਰਕ ਮਹਿਸੂਸ ਕੀਤਾ ਜਾ ਸਕਦਾ ਸੀ।
ਕਈ ਥਾਈਂ ਪੰਛੀਆਂ ਅੰਦਰ ਵੇਖੀ ਗਈ ਘਬਰਾਹਟ
ਰੌਸ਼ਨੀ ਘਟਦਿਆਂ ਹੀ ਪੰਛੀ ਆਲ੍ਹਣਿਆਂ 'ਚ ਜਾ ਲੁਕੇ
ਰਾਸ਼ਟਰੀ ਪਾਰਕ ਵਿਚ ਰਹਿ ਰਹੇ ਪੰਛੀਆਂ ਵਿਚ ਗ੍ਰਹਿਣ ਦੌਰਾਨ ਕੁੱਝ ਦੇਰ ਲਈ ਬੇਚੈਨੀ ਅਤੇ ਘਬਰਾਹਟ ਦੇ ਲੱਛਣਾਂ ਨਾਲ ਇਕ ਕੁਦਰਤੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਸੂਤਰਾਂ ਨੇ ਦਸਿਆ ਕਿ ਜ਼ਿਆਦਾਤਰ ਪੰਛੀ ਜੰਗਲ ਦੇ ਖੁਲ੍ਹੇ ਆਸਮਾਨ ਵਿਚ ਉਡਾਣ ਭਰਨ ਦੀ ਥਾਂ ਅਪਣੇ-ਅਪਣੇ ਆਲ੍ਹਣਿਆਂ ਵਲ ਪਰਤ ਗਏ। ਹਾਲਾਂਕਿ ਗ੍ਰਹਿਣ ਦੀ ਸਮਾਪਤੀ ਦੇ ਕੁੱਝ ਦੇਰ ਬਾਅਦ ਪੰਛੀ ਅਪਣੀ ਸਥਿਤੀ ਵਿਚ ਵਾਪਸ ਪਰਤ ਆਏ, ਉਹ ਰਾਸ਼ਟਰੀ ਪਾਰਕ ਵਿਚ ਕਲੋਲ ਕਰਦੇ ਨਜ਼ਰ ਆਏ ਪਰ ਗ੍ਰਹਿਣ ਦੌਰਾਨ ਸੂਰਜ ਦੇ ਅੱਗ ਦੇ ਛੱਲੇ 'ਚ ਤਬਦੀਲ ਹੋਣ ਦੇ ਸਮੇਂ ਪੰਛੀਆਂ ਵਿਚਾਲੇ ਘਬਰਾਹਟ ਨੂੰ ਪੰਛੀ ਪ੍ਰੇਮੀਆਂ ਨੇ ਬਾਖ਼ੂਬੀ ਮਹਿਸੂਸ ਕੀਤਾ। ਜ਼ਿਕਰਯੋਗ ਹੈ ਕਿ ਸਾਲ ਦਾ ਸੱਭ ਤੋਂ ਵੱਡੇ ਦਿਨ ਅੱਜ ਸੂਰਜ ਗ੍ਰਹਿਣ ਲਗਿਆ। ਸੂਰਜ ਗ੍ਰਹਿਣ ਦੌਰਾਨ ਭਾਰਤ ਦੇ ਕਈ ਸ਼ਹਿਰਾਂ ਵਿਚ ਆਸਮਾਨ 'ਚ ਸੂਰਜ ਦਾ ਘੇਰਾ ਇਕ ਚਮਕਦੀ ਅੰਗੂਠੀ ਵਾਂਗ ਨਜ਼ਰ ਆਇਆ। ਇਸ ਸੂਰਜ ਗ੍ਰਹਿਣ ਨੂੰ ਕੰਗਣਾਕਾਰ ਗ੍ਰਹਿਣ ਆਖਿਆ ਗਿਆ। ਸੂਰਜ ਗ੍ਰਹਿਣ ਅਫ਼ਰੀਕਾ, ਏਸ਼ੀਆ, ਯੂਰਪ ਅਤੇ ਆਸਟ੍ਰੇਲੀਆ ਦੇ ਕੁੱਝ ਹਿੱਸਿਆਂ 'ਚ ਦੇਖਿਆ ਗਿਆ। ਸੂਰਜ ਗ੍ਰਹਿਣ ਦੌਰਾਨ ਆਮ ਥਾਵਾਂ 'ਤੇ ਵੀ ਪੰਛੀ ਬਾਹਰ ਨਹੀਂ ਨਿਕਲੇ।