ਚੇਨਈ : ਤਾਮਿਨਲਾਡੂ 'ਚ ਕੋਰੋਨਾ ਵਾਇਰਸ (covid-19) ਦੇ ਮਾਮਲਿਆਂ ਵਿਚ ਵੱਡੇ ਪੱਧਰ 'ਤੇ ਵਾਧੇ ਨੂੰ ਦੇਖਦਿਆਂ ਰਾਜਧਾਨੀ ਚੇਨਈ ਅਤੇ ਇਸ ਨਾਲ ਲਗਦੇ 3 ਜ਼ਿਲ੍ਹਿਆਂ ਵਿਚ 19 ਤੋਂ 30 ਜੂਨ ਤਕ ਸਖ਼ਤ ਪਾਬੰਦੀਆਂ ਨਾਲ ਪੂਰੀ ਤੌਰ 'ਤੇ ਤਾਲਾਬੰਦੀ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਸੋਮਵਾਰ ਨੂੰ ਇਸ ਬਾਰੇ ਐਲਾਨ ਕੀਤਾ। ਉਨ੍ਹਾਂ ਕੋਰੋਨਾ ਵਾਇਰਸ 'ਤੇ ਸੂਬੇ ਦੀ ਕੈਬਨਿਟ ਅਤੇ ਮਾਹਰ ਮੈਡੀਕਲ ਪੈਨਲ ਨਾਲ ਸਮੀਖਿਆ ਬੈਠਕ ਤੋਂ ਬਾਅਦ ਤਾਲਾਬੰਦੀ 'ਚ ਸਖ਼ਤੀ ਵਰਤਣ ਦਾ ਫ਼ੈਸਲਾ ਕੀਤਾ। ਮੁੱਖ ਮੰਤਰੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਨ੍ਹਾਂ ਬੈਠਕਾਂ ਵਿਚ ਚਰਚਾ ਦੇ ਆਧਾਰ 'ਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਫ਼ਤ ਪ੍ਰਬੰਧਨ ਐਕਟ, 2005 ਤਹਿਤ 19 ਜੂਨ ਨੂੰ ਤੜਕੇ ਤੋਂ 30 ਜੂਨ ਦੀ ਮੱਧ ਰਾਤ ਤਕ 12 ਦਿਨਾਂ ਦੀ ਸਖਤ ਤਾਲਾਬੰਦੀ ਲਾਗੂ ਰਹੇਗੀ। ਜਿਸ 'ਚੋਂ ਕੋਈ ਛੋਟ ਨਹੀਂ ਦਿਤੀ ਜਾਵੇਗੀ। 12 ਦਿਨਾਂ ਦੇ ਸਮੇਂ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਨੂੰ ਕੁੱਝ ਤੈਅ ਪਾਬੰਦੀਆਂ ਨਾਲ ਆਗਿਆ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ ਤਾਮਿਲਨਾਡੂ 'ਚ ਵਾਇਰਸ ਦੇ 44, 661 ਮਾਮਲੇ ਹੋ ਚੁੱਕੇ ਹਨ ਅਤੇ 435 ਲੋਕ ਵਾਇਰਸ ਨਾਲ ਜਾਨ ਗਵਾ ਚੁੱਕੇ ਹਨ। ਹਾਲਾਤ ਨੂੰ ਵਿਗੜਦੇ ਦੇਖ ਕੇ ਸਰਕਾਰ ਨੇ ਤਾਲਾਬੰਦੀ ਮੁੜ ਤੋਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।