ਬੀਜਿੰਗ : ਪੂਰਬੀ ਚੀਨ ਦੇ ਝੇਜਿਆਂਗ ਸੂਬੇ 'ਚ ਤੇਲ ਦੇ ਟੈਂਕਰ 'ਚ ਹੋਏ ਧਮਾਕੇ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ। ਸਥਾਨਕ ਅਧਿਕਾਰੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਵੇਂਗਲਿੰਗ ਸ਼ਹਿਰ ਦੇ ਪ੍ਰਚਾਰ ਵਿਭਾਗ ਨੇ ਦਸਿਆ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ ਅਤੇ ਕਰੀਬ 166 ਜ਼ਖ਼ਮੀਆਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।
ਵਿਭਾਗ ਨੇ ਦਸਿਆ ਕਿ ਤੇਲ ਦੇ ਟੈਂਕਰ 'ਚ ਧਮਾਕਾ ਸਨਿਚਰਵਾਰ ਨੂੰ ਸ਼ੇਨਯਾਂਗ-ਹਾਈਕੋਉ ਐਕਸਪ੍ਰੈਸਵੇ ਦੇ ਕੋਲ ਪਿੰਡ ਦੇ ਨੇੜੇ ਹੋਇਆ। ਇਸ ਦੇ ਬਾਅਦ ਧਮਾਕੇ ਦੇ ਕਾਰਨ ਹਵਾ 'ਚ ਉਡੇ ਟਰੱਕ ਦੇ ਐਕਸਪ੍ਰੈਸਵੇ ਦੇ ਕੋਲ ਇਕ ਦੁਕਾਨ 'ਤੇ ਡਿੱਗਣ ਕਾਰਨ ਦੂਜਾ ਧਮਾਕਾ ਹੋਇਆ। ਜਿਸ ਦੇ ਚੱਲਦੇ ਕੁੱਝ ਘਰ ਅਤੇ ਕਾਰਖਾਨੇ ਢਹਿ ਗਏ।
ਸਰਕਾਰੀ ਸਮਾਚਾਰ ਏਜੰਸੀ ਸ਼ਿਨਹੁਆ ਮੁਤਾਬਕ ਸੈਂਕੜੇ ਦਮਕਲ ਕਰਮਚਾਰੀਆਂ ਨੂੰ ਬਚਾਅ ਕਾਰਜ ਲਈ ਭੇਜਿਆ ਗਿਆ ਹੈ। ਬਚਾਅ ਤੇ ਰਾਹਤ ਕੰਮ ਜਾਰੀ ਹੈ। ਸਰਕਾਰੀ ਟੀਵੀ ਚੈਨਲ ਸੀਜੀਟੀਐਨ ਵਲੋਂ ਆਨਲਾਈਨ ਪੋਸਟ ਕੀਤੇ ਗਏ ਇਕ ਵੀਡੀਉ ਵਿਚ ਦਿਖਾਈ ਦੇ ਰਿਹਾ ਹੈ ਕਿ ਟੈਕੀਰ ਦਾ ਮਲਬਾ ਉੱਡ ਕੇ ਹਰ ਪਾਸੇ ਫੈਲ ਗਿਆ ਹੈ, ਜਿਸ ਕਾਰਨ ਆਸ ਪਾਸ ਮੌਜੂਦ ਘਰਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਧਮਾਕੇ ਦੇ ਬਾਅਦ ਆਸ ਪਾਸ ਦੀ ਕਈ ਕਾਰਾਂ ਅਤੇ ਹੋਰ ਵਾਹਨਾਂ ਨੂੰ ਅੱਗ ਲੱਗ ਗਈ।