ਚੰਡੀਗੜ੍ਹ : ਪੱਛਮ ਉੱਤਰੀ ਖੇਤਰ 'ਚ ਅਗਲੇ 2 ਦਿਨਾਂ ਦੌਰਾਨ ਕਿਤੇ-ਕਿਤੇ ਮੀਂਹ ਪੈਣ ਅਤੇ ਕਿਤੇ ਹਨ੍ਹੇਰੀ ਤੇ ਗਰਜ ਨਾਲ ਹਲਕੇ ਮੀਂਹ ਜਾਂ ਬੂੰਦਾਬਾਂਦੀ ਦੀ ਸੰਭਾਵਨਾ ਹੈ। ਮੌਸਮ ਕੇਂਦਰ ਮੁਤਾਬਕ ਖੇਤਰ 'ਚ ਕਿਤੇ-ਕਿਤੇ ਹਨ੍ਹੇਰੀ, ਗਰਜ ਦੇ ਨਾਲ ਬੂੰਦਾਬਾਂਦੀ ਜਾਂ ਹਲਕੇ ਮੀਂਹ ਦੇ ਆਸਾਰ ਹਨ।
ਖੇਤਰ 'ਚ ਕਿਤੇ-ਕਿਤੇ ਬੀਤੀ ਦੁਪਿਹਰ ਬਾਅਦ ਹਨ੍ਹੇਰੀ ਦੇ ਨਾਲ ਬੂੰਦਾਬਾਂਦੀ ਹੋਈ, ਜਿਸ ਨਾਲ ਆਮ ਸਣੇ ਹੋਰ ਫਲਾਂ ਨੂੰ ਨੁਕਸਾਨ ਹੋਇਆ। ਮਹਿਕਮੇ ਦੀ ਰਿਪੋਰਟ ਮੁਤਾਬਕ ਇਕ ਪੱਛਮੀ ਗੜਬੜੀ ਸਰਗਰਮ ਹੈ। ਹਰਿਆਣਾ ਦੇ ਉੱਪਰ ਇਕ ਚੱਕਰਵਾਤੀ ਸਰਕੂਲੇਸ਼ਨ ਬਣਿਆ ਹੋਇਆ ਹੈ। ਉੱਥੇ ਹੀ ਦਿੱਲੀ NCR ਨੇੜੇ ਪੂਰਬੀ ਹਵਾਵਾਂ ਕਾਫੀ ਜ਼ਿਆਦਾ ਨਮੀ ਲੈ ਕੇ ਆ ਰਹੀਆਂ ਹਨ। ਇਸ ਦੇ ਚੱਲਦੇ ਜੰਮੂ-ਕਸ਼ਮੀਰ, ਲੱਦਾਖ, ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਨੇੜਲੇ ਇਲਾਕਿਆਂ 'ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਦਰਜ ਕੀਤਾ ਜਾ ਸਕਦਾ ਹੈ।
14 ਜੂਨ ਨੂੰ ਉਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ, ਝਾਰਖੰਡ, ਪੱਛਮੀ ਬੰਗਾਲ, ਸਿੱਕਿਮ, ਅਰੁਣਾਚਲ ਪ੍ਰਦੇਸ਼, ਅਸਮ, ਮੇਘਾਲਿਆ, ਨਾਗਾਲੈਂਡ, ਮਣੀਪੁਰ ਅਤੇ ਮਿਜ਼ੋਰਮ 'ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਦੀ ਸੰਭਾਵਨਾ ਹੈ। ਰਾਜਸਥਾਨ ਦੇ ਕੁੱਝ ਹਿੱਸਿਆਂ 'ਚ ਐਤਵਾਰ ਨੂੰ ਬਹੁਤ ਹੀ ਗਰਮ ਹਵਾਵਾਂ ਦਰਜ ਕੀਤੀਆਂ ਜਾ ਸਕਦੀਆਂ ਹਨ।