ਮੁੰਬਈ : ਮਹਾਰਾਸ਼ਟਰ ਦੇ ਸਮਾਜਕ ਨਿਆਂ ਮੰਤਰੀ ਧਨੰਜੇ ਮੁੰਡੇ ਦੀ ਕੋਵਿਡ-19 ਜਾਂਚ ਰੀਪੋਰਟ ਪਾਜ਼ੇਟਿਵ ਆਈ ਹੈ ਪਰ ਉਨ੍ਹਾਂ ਅੰਦਰ ਇਸ ਰੋਗ ਦੇ ਲੱਛਣ ਨਹੀਂ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਜਨ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਮੁੰਡੇ ਇਸ ਹਫ਼ਤੇ ਦੇ ਸ਼ੁਰੂ ਵਿਚ ਰਾਜ ਸਕੱਤਰੇਤ ਵਿਚ ਮੰਤਰੀ ਮੰਡਲ ਦੀ ਬੈਠਕ ਵਿਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਉਥੇ ਦੋ ਦਿਨ ਪਹਿਲਾਂ ਪਾਰਟੀ ਦੇ ਸਥਾਪਨਾ ਦਿਵਸ ਪ੍ਰੋਗਰਾਮ ਵਿਚ ਵੀ ਹਿੱਸਾ ਲਿਆ ਸੀ। ਉਹ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਰਾਜ ਦੇ ਤੀਜੇ ਮੰਤਰੀ ਹਨ। ਪਹਿਲਾਂ ਕਾਂਗਰਸ ਦੇ ਅਸ਼ੋਕ ਚਵਾਨ ਅਤੇ ਐਨਸੀਪੀ ਦੇ ਜਿਤੇਂਦਰ ਅਹਾੜ ਵੀ ਇਸ ਬੀਮਾਰੀ ਦੀ ਲਪੇਟ ਵਿਚ ਆ ਗਏ ਸਨ ਹਾਲਾਂਕਿ ਇਹ ਦੋਵੇਂ ਹੁਣ ਠੀਕ ਹੋ ਚੁਕੇ ਹਨ। ਟੋਪੇ ਨੇ ਕਿਹਾ ਕਿ ਦੋਹਾਂ ਮੌਕਿਆਂ 'ਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ ਅਤੇ ਜੇ ਕਿਸੇ ਅੰਦਰ ਰੋਗ ਦੇ ਲੱਛਣ ਨਜ਼ਰ ਆਏ ਤਾਂ ਮੰਤਰੀ ਮੰਡਲ ਦੀ ਬੈਠਕ ਵਿਚ ਸ਼ਾਮਲ ਹੋਰ ਮੰਤਰੀਆਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਇਹ ਸੱਚ ਹੈ ਕਿ ਮੁੰਡੇ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਅੰਦਰ ਰੋਗ ਦੇ ਲੱਛਣ ਨਹੀਂ ਪਰ ਸਾਹ ਲੈਣ ਵਿਚ ਥੋੜੀ ਸਮੱਸਿਆ ਹੈ।' ਮੁੰਡੇ ਨੂੰ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਮੁੰਡੇ ਤੋਂ ਪਹਿਲਾਂ ਉਨ੍ਹਾਂ ਦੇ ਰਸੋਈਏ, ਡਰਾਈਵਰ ਅਤੇ ਨਿਜੀ ਸਹਾਇਕ ਸਣੇ ਨਿਜੀ ਮੁਲਾਜ਼ਮ ਵੀ ਇਸ ਬੀਮਾਰੀ ਦੀ ਲਪੇਟ ਵਿਚ ਆ ਗਏ ਸਨ।