Friday, November 22, 2024
 

ਚੰਡੀਗੜ੍ਹ / ਮੋਹਾਲੀ

ਮੁੱਖ ਮੰਤਰੀ ਨੇ ਮਹਾਨ ਹਾਕੀ ਖਿਡਾਰੀ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਦੇ ਦੇਹਾਂਤ ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

May 25, 2020 06:16 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM captain amrinder singh)  ਨੇ ਸੋਮਵਾਰ ਨੂੰ ਦੇਸ਼ ਦੇ ਮਹਾਨ ਹਾਕੀ ਖਿਡਾਰੀ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ (97) ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਿਨ੍ਹਾਂ ਨੇ ਅੱਜ ਸਵੇਰੇ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਖੇ ਆਖਰੀ ਸਾਹ ਲਿਆ। ਹਾਕੀ ਦਾ ਇਹ ਮਹਾਨ ਖਿਡਾਰੀ ਆਪਣੇ ਪਿੱਛੇ ਤਿੰਨ ਪੁੱਤਰ ਤੇ ਇਕ ਬੇਟੀ ਛੱਡ ਗਿਆ। ਆਪਣੇ ਸ਼ੋਕ ਸੁਨੇਹੇ ਵਿੱਚ ਮੁੱਖ ਮੰਤਰੀ ਨੇ ਹਾਕੀ ਖੇਡ ਨੂੰ ਬਲਬੀਰ ਸਿੰਘ ਸੀਨੀਅਰ ਦੀ ਦੇਣ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਖੇਡ ਜਗਤ ਉਨ੍ਹਾਂ ਦੀ ਇਸ ਦੇਣ ਨੂੰ ਭੁਲਾ ਨਹੀਂ ਸਕਦਾ। ਉਹ ਭਾਰਤੀ ਹਾਕੀ ਦੇ ਸਭ ਤੋਂ ਵੱਡੇ ਖਿਡਾਰੀ ਤੇ ਕੋਚ ਹੋਏ ਹਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ 'ਤੇ ਓਲੰਪਿਕਸ ਤੱਕ ਦੇਸ਼ ਦਾ ਨਾਮ ਰੌਸ਼ਨ ਕੀਤਾ। ਬਲਬੀਰ ਸਿੰਘ ਸੀਨੀਅਰ ਨੇ ਬਤੌਰ ਖਿਡਾਰੀ ਤਿੰਨ ਵਾਰ ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਅਤੇ ਬਤੌਰ ਕੋਚ ਭਾਰਤ ਨੂੰ 1975 ਵਿੱਚ ਇਕਲੌਤਾ ਵਿਸ਼ਵ ਕੱਪ ਜਿਤਾਇਆ।

ਉਨ੍ਹਾਂ ਕਿਹਾ ਕਿ ਇਸ ਮਹਾਨ ਖਿਡਾਰੀ ਦੇ ਤੁਰ ਜਾਣ ਨਾਲ ਭਾਰਤੀ ਖੇਡਾਂ ਖਾਸ ਕਰ ਕੇ ਹਾਕੀ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਮੁੱਖ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ, ਸਕੇ ਸਨੇਹੀਆਂ ਅਤੇ ਲੱਖਾਂ ਖੇਡ ਪ੍ਰੇਮੀਆਂ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਿੱਛੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਬਲਬੀਰ ਸਿੰਘ ਸੀਨੀਅਰ ਨੇ 1948 ਵਿੱਚ ਲੰਡਨ, 1952 ਵਿੱਚ ਹੈਲਸਿੰਕੀ ਤੇ 1956 ਵਿੱਚ ਮੈਲਬਰਨ ਵਿਖੇ ਓਲੰਪਿਕ ਖੇਡਾਂ ਵਿੱਚ ਸੋਨ ਤਮਗੇ ਜਿੱਤੇ ਸਨ। 1952 ਦੀਆਂ ਓਲੰਪਿਕ ਖੇਡਾਂ ਦੇ ਫਾਈਨਲ ਵਿੱਚ ਬਲਬੀਰ ਸਿੰਘ ਦੇ ਪੰਜ ਗੋਲਾਂ ਦਾ ਵਿਸ਼ਵ ਰਿਕਾਰਡ ਹਾਲੇ ਤੱਕ ਨਹੀਂ ਟੁੱਟਿਆ।
1956 ਵਿੱਚ ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਅਤੇ ਭਾਰਤੀ ਖੇਡ ਦਲ ਦੇ ਝੰਡਾਬਰਦਾਰ ਸਨ। 1975 ਵਿੱਚ ਉਨ੍ਹਾਂ ਆਪਣੀ ਕੋਚਿੰਗ ਹੇਠ ਭਾਰਤ ਨੂੰ ਇਕਲੌਤਾ ਵਿਸ਼ਵ ਕੱਪ ਜਿਤਾਇਆ ਸੀ। ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਸਰਕਾਰ ਨੇ ਪਦਮ ਸ੍ਰੀ ਅਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ। ਕੌਮਾਂਤਰੀ ਓਲੰਪਿਕ ਕਮੇਟੀ ਨੇ ਉਨ੍ਹਾਂ ਨੂੰ ਓਲੰਪਿਕ ਆਈਕੌਨਿਕ ਖਿਡਾਰੀ ਵਜੋਂ ਸਨਮਾਨਤ ਕੀਤਾ। ਇਹ ਸਨਮਾਨ ਹਾਸਲ ਕਰਨ ਵਾਲੇ ਉਹ ਇਕਲੌਤੇ ਏਸ਼ੀਅਨ ਪੁਰਸ਼ ਖਿਡਾਰੀ ਸਨ।

 
  
 

Have something to say? Post your comment

Subscribe