ਪੰਚਕੂਲਾ : ਪੰਚਕੂਲਾ ਜ਼ਿਲ੍ਹੇ ਦੇ ਰਾਏਪੁਰ ਰਾਣੀ ਦੇ ਮਹਾਂਅਨੰਦ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਨੂੰ ਅੱਗ ਲੱਗ ਗਈ ਅਤੇ ਸਕੂਲ ਦੇ ਮੁੱਖ ਗੇਟ 'ਤੇ ਖੜ੍ਹੀ ਇੱਕ ਸਕੂਲ ਬੱਸ ਵੀ ਅੱਗ ਦੀ ਲਪੇਟ ਵਿਚ ਆ ਗਈ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਪਿੰਡ ਦੇ ਸਰਪੰਚ ਮੁਕੇਸ਼ ਛਾਬੜਾ, ਦੀਪਕ ਪਟਵਾਰੀ, ਐੱਸਐਚਓ ਰਾਮਪਾਲ ਸਿੰਘ (SHO Rampal Singh) ਅਤੇ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਟੀਮ, ਸਥਾਨਕ ਪ੍ਰਸ਼ਾਸਨ ਅਤੇ ਲੋਕਾਂ ਨੇ ਮਿਲ ਕੇ ਸੂਝ ਦਿਖਾਉਂਦੇ ਹੋਏ ਫ਼ਾਇਰ ਬ੍ਰਿਗੇਡ (fire brigade) ਦੇ ਪਹੁੰਚਣ ਤੱਕ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬੱਸ ਵਿੱਚੋਂ ਨਿਕਲ ਰਹੀਆਂ ਅੱਗ ਦੀਆਂ ਲਾਟਾਂ 'ਤੇ ਬਾਲਟੀਆਂ ਨਾਲ ਪਾਣੀ ਪਾਇਆ ਗਿਆ। ਅਲੀਪੁਰ, ਪੰਚਕੁਲਾ ਅਤੇ ਡੇਰਾਬਸੀ ਤੋਂ ਤਿੰਨ ਗੱਡੀਆਂ ਫ਼ਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਅਤੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਸਪੱਸ਼ਟ ਤੌਰ 'ਤੇ ਪਤਾ ਨਹੀਂ ਲੱਗ ਸਕਿਆ ਹੈ। ਸ਼ੁਰੂਆਤੀ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਸ਼ਾਰਟ ਸਰਕਟ ਕਾਰਨ ਸਕੂਲ ਦੀ ਇਮਾਰਤ ਦੇ ਬਾਹਰ ਫਲੈਕਸ ਵਿੱਚ ਅੱਗ ਲੱਗੀ, ਜਿਸ ਤੋਂ ਬਾਅਦ ਅੱਗ ਲਗਾਤਾਰ ਵੱਧਦੀ ਰਹੀ।