ਚੰਡੀਗੜ੍ਹ : ਸ਼ਹਿਰ ਦੇ ਸੈਕਟਰ-30 ਦੀ ਕੰਟੇਨਮੈਂਟ ਜ਼ੋਨ (containment zone) 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਜਰਨੈਲ ਸਿੰਘ ਨਾਂ ਦੇ ਇਕ ਵਿਅਕਤੀ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਕਰੀਬ 50 ਸਾਲਾਂ ਦਾ ਸੀ। ਜਾਣਕਾਰੀ ਮੁਤਾਬਕ ਜਰਨੈਲ ਸਿੰਘ ਜਦੋਂ ਸਬਜ਼ੀ ਲੈਣ ਵਾਲਿਆਂ ਦੀ ਲਾਈਨ 'ਚ ਲੱਗਾ ਹੋਇਆ ਸੀ ਕਿ ਅਚਾਨਕ ਬੇਹੋਸ਼ ਹੋ ਕੇ ਡਿਗ ਗਿਆ। ਉਸ ਨੂੰ ਹਸਪਤਾਲ ਲਿਜਾਣ ਲਈ ਨਾਂ ਤਾਂ ਐਂਬੂਲੈਂਸ ਸਮੇਂ 'ਤੇ ਆਈ ਅਤੇ ਨਾ ਹੀ ਲੋਕਾਂ ਨੂੰ ਨਿੱਜੀ ਗੱਡੀ 'ਚ ਉਸ ਨੂੰ ਹਸਪਤਾਲ ਲਿਜਾਣ ਦਿੱਤਾ ਗਿਆ। ਲੋਕਾਂ ਨੇ ਦੋਸ਼ ਲਾਇਆ ਕਿ ਡੇਢ ਘੰਟੇ ਬਾਅਦ ਐਂਬੂਲੈਂਸ ਆਈ ਅਤੇ ਜਰਨੈਲ ਸਿੰਘ (Jarnail Singh) ਨੂੰ ਪੀ. ਜੀ. ਆਈ. (PGI) ਲੈ ਗਈ, ਜਿੱਥੇ ਉਸ ਦੀ ਮੌਤ ਹੋ ਗਈ। ਲੋਕਾਂ ਦਾ ਦੋਸ਼ ਹੈ ਕਿ ਜਰਨੈਲ ਸਿੰਘ ਨੂੰ ਦਿਲ ਦਾ ਦੌਰਾ (heart attack) ਪਿਆ ਸੀ ਅਤੇ ਹਸਪਤਾਲ ਦੇਰੀ ਨਾਲ ਪੁੱਜਣ ਕਾਰਨ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।