ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਨੇ ਚੋਣ ਅਮਲੇ 'ਚ ਲੱਗੇ ਮੁਲਾਜ਼ਮਾਂ/ਅਧਿਕਾਰੀਆਂ ਦੇ ਪਰਿਵਾਰਾਂ ਨੂੰ ਐਕਸ-ਗਰੇਸ਼ੀਆ ਰਾਸ਼ੀ ਜਾਰੀ ਕਰਨ ਸਬੰਧੀ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ, ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਚੋਣ ਅਮਲੇ 'ਚ ਲੱਗੇ ਮੁਲਾਜ਼ਮਾਂ/ਅਧਿਕਾਰੀਆਂ ਨੂੰ ਚੋਣ ਡਿਊਟੀ ਦੌਰਾਨ ਕੋਈ ਦਰਪੇਸ਼ ਹਾਦਸੇ ਦੇ ਮੱਦੇਨਜ਼ਰ ਪੀੜਤ ਦੇ ਪਰਿਵਾਰ ਨੂੰ ਮਿਲਣ ਵਾਲੀ ਐਕਸ-ਗਰੇਸ਼ੀਆ ਰਾਸ਼ੀ ਬਾਰੇ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸੇ ਮੁਲਾਜ਼ਮ/ਅਧਿਕਾਰੀ ਦੀ ਚੋਣ ਡਿਊਟੀ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਆਸ਼ਰਿਤਾਂ ਨੂੰ ਘੱਟੋ-ਘੱਟ 15 ਲੱਖ ਰੁਪਏ ਮਿਲਣਗੇ।
- ਅਣਸੁਖਾਵੀਂ ਹਿੰਸਕ ਕਾਰਵਾਈ ਦੌਰਾਨ ਮੌਤ ਦੀ ਸੂਰਤ 'ਚ 30 ਲੱਖ ਰੁਪਏ
- ਚੋਣ ਡਿਊਟੀ ਦੌਰਾਨ ਮੌਤ ਦੀ ਸੂਰਤ 'ਚ 15 ਲੱਖ ਰੁਪਏ
- ਪੱਕੇ ਤੌਰ 'ਤੇ ਡਿਸਏਬਿਲਟੀ ਦੀ ਸੂਰਤ 'ਚ 7.50 ਲੱਖ ਰੁਪਏ
ਜੇਕਰ ਮੌਤ ਕਿਸੇ ਅਣਸੁਖਾਵੀਂ ਹਿੰਸਕ ਕਾਰਵਾਈ ਜਿਵੇਂ ਕਿ ਗੈਰ ਸਮਾਜੀ ਤੱਤਾਂ ਵਲੋਂ ਹਿੰਸਕ ਕਾਰਵਾਈ, ਜ਼ਮੀਨਦੋਜ਼ ਧਮਾਕੇ, ਬੰਬ ਧਮਾਕੇ, ਹਥਿਆਰਬੰਦ ਹਮਲੇ ਆਦਿ 'ਚ ਹੁੰਦੀ ਹੈ ਤਾਂ ਮੁਆਵਜ਼ਾ ਰਾਸ਼ੀ 30 ਲੱਖ ਰੁਪਏ ਮਿਲੇਗੀ। ਜੇਕਰ ਹਾਦਸੇ 'ਚ ਪੱਕੇ ਤੌਰ 'ਤੇ ਡਿਸਏਬਿਲਟੀ ਜਿਵੇਂ ਕਿਸੇ ਅੰਗ ਦਾ ਨੁਕਸਾਨ ਜਾਂ ਨੇਤਰਹੀਣ ਹੋਣ ਆਦਿ ਦੀ ਸੂਰਤ 'ਚ 7.50 ਲੱਖ ਰੁਪਏ ਮਿਲਣਗੇ। ਜੇਕਰ ਇਹ ਡਿਸਏਬਿਲਟੀ ਹਿੰਸਕ ਕਾਰਵਾਈ 'ਚ ਹੁੰਦੀ ਹੈ ਤਾਂ ਮੁਆਵਜ਼ਾ ਰਾਸ਼ੀ ਦੁੱਗਣੀ ਹੋ ਜਾਵੇਗੀ।
|