ਲੰਡਨ : ਬਿ੍ਰਟੇਨ ਵਿਚ ਵੀਜ਼ਾ ਅਤੇ ਇਮੀਗ੍ਰੇਸ਼ਨ 'ਤੇ ਨਵੀਂ ਵਿਵਸਥਾ ਵਾਲਾ ਬਿੱਲ 'ਹਾਊਸ ਆਫ ਕਾਮਨਸ' (House of commons) ਵਿਚ ਪੇਸ਼ ਕੀਤਾ ਗਿਆ। ਇਸ ਵਿਚ ਕੀਤੇ ਗਏ ਪ੍ਰਾਵਧਾਨਾਂ ਦੇ ਤਹਿਤ ਦੇਸ਼ ਦੇ ਆਧਾਰ 'ਤੇ ਨਹੀਂ ਬਲਕਿ ਹੁਨਰ ਦੇ ਆਧਾਰ 'ਤੇ ਕੰਮ ਦੇ ਇਛੁੱਕ ਲੋਕਾਂ ਨੂੰ ਵੀਜ਼ਾ ਪ੍ਰਦਾਨ ਕੀਤਾ ਜਾਵੇਗਾ। ਇਮੀਗ੍ਰੇਸ਼ਨ ਅਤੇ ਸਮਾਜਿਕ ਸੁਰੱਖਿਆ ਤਾਲਮੇਲ (ਈ. ਯੂ. ਵਿਡ੍ਰਾਲ) ਬਿੱਲ 2020 ਨੂੰ ਮਾਰਚ ਵਿਚ ਸਦਨ ਵਿਚ ਰੱਖਿਆ ਗਿਆ ਸੀ ਪਰ ਕੋਰੋਨਾਵਾਇਰਸ ਸੰਕਟ ਕਾਰਨ ਇਸ 'ਤੇ ਅੱਗੇ ਦੀ ਕਾਰਵਾਈ ਨਹੀਂ ਹੋਈ। ਬਿ੍ਰਟੇਨ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ (Home Minister Priti Patel) ਨੇ ਕਿਹਾ ਕਿ ਬਿੱਲ ਦਾ ਇਤਿਹਾਸਕ ਹਿੱਸਾ ਦਹਾਕਿਆਂ ਵਿਚ ਪਹਿਲੀ ਵਾਰ ਇਮੀਗ੍ਰੇਸ਼ਨ ਤੰਤਰ 'ਤੇ ਬਿ੍ਰਟੇਨ ਨੂੰ ਪੂਰਾ ਅਧਿਕਾਰ ਦੇਵੇਗਾ ਅਤੇ ਇਹ ਤਾਕਤ ਵੀ ਮਿਲੇਗੀ ਕਿ ਕੌਣ ਇਸ ਦੇਸ਼ ਵਿਚ ਆਵੇਗਾ। ਮੰਤਰੀ ਨੇ ਆਖਿਆ ਕਿ ਸਾਡੀ ਨਵੀਂ ਵਿਵਸਥਾ ਪੁਖਤਾ, ਪਾਰਦਰਸ਼ੀ ਅਤੇ ਆਸਾਨ ਹੈ। ਸਾਡੀ ਅਰਥ ਵਿਵਸਥਾ ਨੂੰ ਅੱਗੇ ਲਿਜਾਣ ਲਈ ਸਾਨੂੰ ਜ਼ਰੂਰਤ ਦੇ ਲੋਕ ਮਿਲਣਗੇ ਅਤੇ ਜ਼ਿਆਦਾ ਤਨਖਾਹ, ਉੱਚ ਹੁਨਰ, ਜ਼ਿਆਦਾ ਉਤਪਾਦਕ ਅਰਥ ਵਿਵਸਥਾ ਦੀ ਨੀਂਹ ਰੱਖੇਗੀ। ਅਗਲੇ ਸਾਲ 1 ਜਨਵਰੀ ਤੋਂ ਲਾਗੂ ਹੋਣ ਵਾਲੀ ਨਵੀਂ ਵਿਵਸਥਾ ਦੇ ਤਹਿਤ ਬਿ੍ਰਟੇਨ ਵਿਚ ਕੰਮ ਕਰਨ ਅਤੇ ਰਹਿਣ ਦੇ ਲਈ ਅਪਲਾਈ ਕਰਨ ਲਈ ਕੁਲ 70 ਨੰਬਰ ਦੀ ਜ਼ਰੂਰਤ ਹੋਵੇਗੀ। ਇਸ ਵਿਚ ਪੇਸ਼ੇਵਰ ਹੁਨਰ 'ਤੇ, ਅੰਗ੍ਰੇਜ਼ੀ ਭਾਸ਼ਾ ਦੀ ਜਾਣਕਾਰੀ, ਨੌਕਰੀ ਦੀ ਪੇਸ਼ਕਸ਼ ਆਦਿ ਦੇ ਆਧਾਰ 'ਤੇ ਅੰਕ ਦਿੱਤੇ ਜਾਣਗੇ। ਫਿਲਹਾਲ, ਵਿਰੋਧੀ ਦਲਾਂ ਅਤੇ ਸਰਕਾਰ ਦੇ ਆਲੋਚਕਾਂ ਨੇ ਬਿੱਲ ਰੱਖਣ ਦੇ ਸਮੇਂ ਨੂੰ ਲੈ ਕੇ ਚਿੰਤਾ ਵਿਅਕਤ ਕੀਤੀ ਹੈ ਕਿਉਂਕਿ ਕੋਰੋਨਾਵਾਇਰਸ ਨਾਲ ਲੜ ਰਹੇ ਜ਼ਿਆਦਾ ਕਰਮੀ ਯੂਰਪੀ ਸੰਘ ਦੇ ਹੀ ਹਨ।