ਕਰਨਾਲ : ਜ਼ਿਲ੍ਹੇ ਦੇ ਘਰੌਂਡਾ ਕਸਬੇ ਦੇ ਰਾਂਵਰ ਪਿੰਡ ਨਾਲ ਲੱਗਦੀ ਆਵਰਧਨ ਨਹਿਰ ਵਿੱਚ ਅੱਜ ਤੜਕੇ ਅਚਾਨਕ ਪਾੜ ਪੈ ਗਿਆ। ਇਹ ਨਹਿਰ ਯਮੁਨਾਨਗਰ ਤੋਂ ਕਰਨਾਲ ਦੀ ਮੂਨਕ ਨਹਿਰ ਤੱਕ ਜਾਂਦੀ ਹੈ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇਹ ਦਰਾਰ ਕਰੀਬ 40 ਫੁੱਟ ਚੌੜੀ ਹੋ ਗਈ। ਇਸ ਨਾਲ ਆਸ-ਪਾਸ ਦੇ ਇਲਾਕੇ ਵਿੱਚ ਪਾਣੀ ਭਰ ਗਿਆ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ, ਸਿੰਚਾਈ ਵਿਭਾਗ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਰਾਹਤ ਕਾਰਜ ਸ਼ੁਰੂ ਕੀਤਾ। ਜੇਸੀਬੀ ਮਸ਼ੀਨ ਦੀ ਮਦਦ ਨਾਲ ਮਿੱਟੀ ਦੇ ਗੱਟੇ ਭਰ ਕੇ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਗਈ। ਨਹਿਰ ਵਿੱਚ ਪਾੜ ਪੈਣ ਕਾਰਨ ਰਾਂਵਰ ਪਿੰਡ ਦੇ ਕਈ ਘਰਾਂ ਵਿਚ ਵੀ ਪਾਣੀ ਵੜ ਗਿਆ ਹੈ। ਕਈ ਲੋਕਾਂ ਦੇ ਖਾਣ-ਪੀਣ ਦਾ ਸਾਮਾਨ ਵੀ ਭਿੱਜ ਗਿਆ ਹੈ। ਘਰੌਂਡਾ ਵਿਧਾਇਕ ਹਰਵਿੰਦਰ ਕਲਿਆਣ ਪਿੰਡ ਵਿੱਚ ਜਾਇਜ਼ਾ ਲੈਣ ਲਈ ਪੁੱਜੇ ਹਨ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਪਾੜ ਪੂਰਨ ਦਾ ਕੰਮ ਜਾਰੀ ਸੀ।