ਵਾਸ਼ਿੰਗਟਨ : ਵਿਸ਼ਵ ਬੈਂਕ ਨੇ ਕੋਰੋਨਾ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਗਰੀਬ ਤੇ ਕਮਜ਼ੋਰ ਪਰਿਵਾਰਾਂ ਨੂੰ ਸਮਾਜਿਕ ਸਹਾਇਤਾ ਪ੍ਰਦਾਨ ਕਰਨ ਦੇ ਭਾਰਤ ਦੇ ਯਤਨਾਂ ਵਿੱਚ ਸਹਾਇਤਾ ਲਈ 1 ਅਰਬ ਡਾਲਰ ਦੀ ਵਿੱਤੀ ਮਦਦ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਮਦਦ 'ਇੰਡੀਅਨ ਕੋਵਿਡ-19 ਸੋਸ਼ਲ ਪ੍ਰੋਟੈਕਸ਼ਨ ਰਿਸਪਾਂਸ ਪ੍ਰੋਗਰਾਮ ਪ੍ਰਮੋਸ਼ਨ' (Indian covid-19 social protection response programme promotion ) ਦੇ ਰੂਪ ਵਿੱਚ ਦਿੱਤੀ ਜਾਵੇਗੀ। ਇਸ ਦੇ ਨਾਲ ਵਿਸ਼ਵ ਬੈਂਕ ਨੇ ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਹੁਣ ਤੱਕ ਕੁੱਲ 2 ਅਰਬ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਪਿਛਲੇ ਮਹੀਨੇ 1 ਅਰਬ ਡਾਲਰ ਦੀ ਸਹਾਇਤਾ ਭਾਰਤ ਦੇ ਸਿਹਤ ਖੇਤਰ ਵਿੱਚ ਦੇਣ ਦਾ ਐਲਾਨ ਕੀਤਾ ਗਿਆ ਸੀ। ਭਾਰਤ ਵਿੱਚ ਵਿਸ਼ਵ ਬੈਂਕ (world bank) ਦੇ ਕੰਟਰੀ ਨਿਦੇਸ਼ਕ ਜੁਨੈਦ ਅਹਿਮਦ ਨੇ ਮੀਡੀਆ ਨਾਲ ਇੱਕ ਵੈਬੀਨਾਰ ਵਿੱਚ ਕਿਹਾ ਕਿ ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਬੇਮਿਸਾਲ ਤਰੀਕੇ ਨਾਲ ਲੌਕਡਾਊਨ ਅਤੇ ਸਮਾਜਿਕ ਦੂਰੀ ਨੂੰ ਲਾਗੂ ਕਰਨਾ ਪਿਆ ਹੈ। ਹਾਲਾਂਕਿ, ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਇਨ੍ਹਾਂ ਉਪਾਵਾਂ ਨੇ ਅਰਥਚਾਰੇ ਤੇ ਨੌਕਰੀਆਂ ਨੂੰ ਪ੍ਰਭਾਵਿਤ ਕੀਤਾ ਹੈ, ਖ਼ਾਸਕਰ ਗੈਰ-ਰਸਮੀ ਸੈਕਟਰ ਵਿੱਚ। 1 ਅਰਬ ਡਾਲਰ ਦੀ ਇਸ ਮਦਦ 'ਚ 55 ਕਰੋੜ ਡਾਲਰ ਦਾ ਵਿੱਤੀ ਪੋਸ਼ਣ ਵਿਸ਼ਵ ਬੈਂਕ ਦੀ ਰਿਆਇਤੀ ਉਧਾਰ ਸ਼ਾਖਾ ਅੰਤਰਰਾਸ਼ਟਰੀ ਵਿਕਾਸ ਐਸੋਸੀਏਸ਼ਨ (ਆਈਡੀਏ) ਵੱਲੋਂ ਕੀਤਾ ਜਾਵੇਗਾ, ਜਦਕਿ 20 ਕਰੋੜ ਡਾਲਰ ਕਰਜ਼ ਵਜੋਂ ਕੌਮਾਂਤਰੀ ਪੁਨਰ ਨਿਰਮਾਣ ਅਤੇ ਵਿਕਾਸ (ਆਈਬੀਆਰਡੀ) ਵੱਲੋਂ ਦਿੱਤੇ ਜਾਣਗੇ। ਬਾਕੀ 25 ਕਰੋੜ ਰੁਪਏ 30 ਜੂਨ 2020 ਤੋਂ ਬਾਅਦ ਦਿੱਤੇ ਜਾਣਗੇ।