ਕਿਹਾ, ਨਰਸਿੰਗ ਹੋਮ ਨੂੰ ਮਾਸਕ ਤੇ ਗਾਉਨ ਦੇਣਾ ਸਾਡਾ ਕੰਮ ਨਹੀਂ
ਨਿਊਯਾਰਕ : ਹਸਪਤਾਲਾਂ ਲਈ ਮੈਡੀਕਲ ਸਮਗੱਰੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਅਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਲਾਂਘਾ ਹਾਸਲ ਕਰਨ ਵਾਲੇ ਨਿਊਯਾਰਕ ਦੇ ਗਵਰਨਰ ਐਂਡਰੀਊ ਕੁਓਮੋ ਨੂੰ ਨਰਸਿੰਗ ਹੋਮ ਵਿਚ ਇਸ ਵਾਇਰਸ ਦੇ ਕਾਰਨ ਮੌਤਾਂ ਦੇ ਵੱਧਦੇ ਮਾਮਲਿਆਂ ਦੀ ਮੁਸ਼ਕਲ ਤੋਂ ਨਹੀਂ ਨਿਪਟ ਪਾਉਣ ਨੂੰ ਲੈ ਕੇ ਆਲੇਚਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਕੁਓਮੋ ਨੂੰ ਹਾਲ ਹੀ ਵਿਚ ਇਹ ਕਹਿਣ 'ਤੇ ਆਲੋਚਨਾ ਸਹਿਣ ਕਰਨੀ ਪਈ ਸੀ ਕਿ ਨਰਸਿੰਗ ਹੋਮਜ਼ ਨੂੰ ਮਾਸਕ ਅਤੇ ਗਾਊਨ ਦੇਣਾ ਸਾਡਾ ਕੰਮ ਨਹੀਂ ਹੈ ਕਿਉਂਕਿ ਇਹ ਨਰਸਿੰਗ ਹੋਮਜ਼ ਸਰਕਾਰੀ ਨਹੀਂ ਹਨ। ਨਿਊਯਾਰਕ ਦੇ ਸਟੇਟ ਅਸੈਂਬਲੀ ਮੈਂਬਰ ਰੋਨ ਕਿਮ ਨੇ ਕਿਹਾ ਕਿ ਅਜਿਹਾ ਕਹਿਣਾ ਬਹੁਤ ਹੀ ਗ਼ਲਤ ਰਵੱਈਆ ਹੈ। ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ 78, 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਵਿਚੋਂ ਦੇਸ਼ ਭਰ ਦੇ ਨਰਸਿੰਗ ਹੋਮਜ਼ ਵਿਚ ਹੋਈਆਂ ਮੌਤਾਂ ਦੀ ਗਿਣਤੀ 26, 000 ਤੋਂ ਵੱਧ ਹੈ। ਸਿਰਫ ਨਿਊਯਾਰਕ ਦੇ ਹੀ ਨਰਸਿੰਗ ਹੋਮਜ਼ ਵਿਚ 5, 300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਸ ਸਬੰਧੀ ਕੁਓਮੋ ਨੇ ਕਿਹਾ, ''ਅਸੀਂ ਇਸ ਵਾਇਰਸ ਨੂੰ ਨਰਸਿੰਗ ਹੋਮਜ਼ ਤੋਂ ਦੂਰ ਰੱਖਣ ਲਈ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਸਮਾਂ ਕਿਸੇ ਨੂੰ ਵੀ ਅਪਣੀ ਮਾਂ ਨੂੰ ਨਰਸਿੰਗ ਹੋਮਜ਼ ਵਿਚ ਰੱਖਣ ਦਾ ਨਹੀਂ ਹੈ। ਇਹ ਹੀ ਸੱਚ ਹੈ।'' ਲਾਂਗ ਆਈਲੈਂਡ ਨਰਸਿੰਗ ਹੋਮ ਵਿਚ ਕੋਰੋਨਾ ਵਾਇਰਸ ਕਾਰਨ ਅਪਣੀ ਮਾਂ ਨੂੰ ਗੁਆ ਚੁੱਕੀ ਐਲਿਨੇ ਮਾਜਜੋਤਾ ਨੇ ਕਿਹਾ ਕਿ ਸੂਬਾ ਸਰਕਾਰ ਇਸ ਨਾਲ ਜਿਸ ਤਰ੍ਹਾਂ ਨਜਿੱਠ ਰਹੀ ਹੈ, ਉਹ ਬਹੁਤ ਹੀ ਗ਼ੈਰ-ਜ਼ਿੰਮੇਵਾਰਾਨਾ, ਲਾਪਰਵਾਹ ਅਤੇ ਮੂਰਖਤਾ ਵਾਲਾ ਰਵੱਈਆ ਹੈ। ਨੇਤਾ, ਸਿਹਤ ਅਧਿਕਾਰੀਆਂ 'ਤੇ ਨਿਗਰਾਨੀ ਰੱਖਣ ਵਾਲੀਆਂ ਸੰਸਥਾਵਾਂ ਅਤੇ ਲੋਕ ਵਾਇਰਸ ਸਬੰਧੀ ਜਾਂਚ ਅਤੇ ਪਾਰਦਰਸ਼ਿਤਾ ਦੀ ਕਮੀ ਨੂੰ ਇਸ ਦਾ ਕਾਰਨ ਦੱਸ ਰਹੇ ਹਨ। ਦੂਜਾ ਕਾਰਨ ਸੂਬਾ ਸਰਕਾਰ ਦਾ ਦਿਸ਼ਾ-ਨਿਰਦੇਸ਼ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਨਰਸਿੰਗ ਹੋਮ ਨਵੇਂ ਮਰੀਜ਼ਾਂ ਨੂੰ ਭਰਤੀ ਕਰਨਗੇ। ਬਜ਼ੁਰਗਾਂ ਦੇ ਹਿੱਤ ਵਿਚ ਕੰਮ ਕਰਨ ਵਾਲੇ ਮੈਰੀਡੇਲ ਵਿਪਿਚ ਨੇ ਕਿਹਾ, “ਮ੍ਰਿਤਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਇਹ ਪਰੇਸ਼ਾਨ ਕਰਨ ਵਾਲੀ ਗੱਲ ਹੈ।''