ਟੋਕੀਓ (ਸੱਚੀ ਕਲਮ ਬਿਊਰੋ) : ਅਕਸਰ ਜੋੜੇ ਆਪਣੇ ਜੀਵਨ ਸਾਥੀ ਨੂੰ ਪ੍ਰਪੋਜ਼ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਤਰੀਕੇ ਵਰਤਦੇ ਹਨ। ਇਸੇ ਤਰ੍ਹਾਂ ਹੀ ਜਾਪਾਨ ਦੇ ਰਹਿਣ ਵਾਲੇ ਇਕ ਸ਼ਖਸ ਨੇ ਆਪਣੀ ਪ੍ਰੇਮਿਕਾ ਲਈ ਬਹੁਤ ਅਨੋਖਾ ਵਿਆਹ ਦਾ ਪ੍ਰਸਤਾਵ ਤਿਆਰ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪ੍ਰਸਤਾਵ ਗੂਗਲ ਅਰਥ ਦੀ ਮਦਦ ਨਾਲ ਤਿਆਰ ਕੀਤਾ ਗਿਆ। ਇਸ ਪ੍ਰਸਤਾਵ ਨੂੰ ਤਿਆਰ ਕਰਨ ਲਈ ਸ਼ਖਸ ਨੂੰ 6 ਮਹੀਨੇ ਤੱਕ ਯਾਤਰਾ ਕਰਨੀ ਪਈ, ਨਾਲ ਹੀ ਜੀ.ਪੀ.ਐੱਸ. ਅਤੇ ਹੋਰ ਕਈ ਚੀਜ਼ਾਂ ਦੀ ਵੀ ਮਦਦ ਲਈ ਗਈ। ਅਜਿਹਾ ਪ੍ਰਸਤਾਵ ਤਿਆਰ ਕਰ ਕੇ ਟੋਕੀਓ ਦੇ ਰਹਿਣ ਵਾਲੇ ਯਾਸਨ ਤਕਾਹਾਸ਼ੀ ਨੇ ਵਿਸ਼ਵ ਰਿਕਾਰਡ ਬਣਾ ਦਿੱਤਾ।ਤਕਾਹਾਸ਼ੀ ਨੇ ਇਤਿਹਾਸ ਦੀ ਸਭ ਤੋਂ ਵੱਡੀ ਜੀ.ਪੀ.ਐੱਸ. ਡਰਾਇੰਗ ਬਣਾਈ ਹੈ। ਉਸ ਦੀ ਕਹਾਣੀ ਗੂਗਲ ਨੇ ਟਵੀਟ ਕੀਤੀ ਹੈ।
ਇਸ ਕਹਾਣੀ ਨੂੰ ਦੁਨੀਆ ਭਰ ਵਿਚ ਪਸੰਦ ਕੀਤਾ ਜਾ ਰਿਹਾ ਹੈ। ਸਾਲ 2008 ਵਿਚ ਹੀ ਤਕਾਹਾਸ਼ੀ ਨੇ ਆਪਣੀ ਪ੍ਰੇਮਿਕਾ ਨਾਤਸੁਕੀ ਨੂੰ ਪ੍ਰਪੋਜ਼ ਕਰਨ ਦਾ ਫੈਸਲਾ ਲਿਆ ਸੀ। ਉਸ ਨੇ ਗੂਗਲ ਅਰਥ ਅਤੇ ਸਟ੍ਰੀਟ ਵਿਊ ਦੀ ਮਦਦ ਨਾਲ ਜੀ.ਪੀ.ਐੱਸ. ਆਰਟ ਬਣਾਇਆ। ਇਸੇ ਆਰਟ ਜ਼ਰੀਏ ਉਸ ਨੂੰ ਆਪਣੀ ਪ੍ਰੇਮਿਕਾ ਪ੍ਰਪੋਜ਼ ਕਰਨ ਦਾ ਵਿਚਾਰ ਆਇਆ। ਇਸ ਯੋਜਨਾ 'ਤੇ ਕੰਮ ਕਰਨ ਲਈ ਤਕਾਸ਼ਾਹੀ ਨੇ ਨੌਕਰੀ ਛੱਡ ਦਿੱਤੀ। ਫਿਰ ਉਸ ਨੇ ਹੋਕਾਈਡੋ ਟਾਪੂ ਤੋਂ ਕਾਗੋਸ਼ਿਮਾ ਦੇ ਤੱਟ ਤੱਕ ਦੀ ਯਾਤਰਾ ਕਰਨ ਦਾ ਫੈਸਲਾ ਲਿਆ। ਕਰੀਬ 6 ਮਹੀਨੇ ਵਿਚ ਤਕਾਹਾਸ਼ੀ ਨੇ 7, 000 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕੀਤੀ। ਉਸ ਦੀ ਪ੍ਰੇਮਿਕਾ ਨਾਤਸੁਕੀ ਨੇ ਇਕ ਪੋਸਟ ਵਿਚ ਕਿਹਾ ਹੈ ਕਿ ਉਸ ਲਈ ਇਹ ਸਭ ਹੈਰਾਨੀ ਭਰਪੂਰ ਹੈ। ਉਸ ਨੂੰ ਤਕਾਹਾਸ਼ੀ ਦਾ ਪਿਆਰ ਦੁਨੀਆ ਦਾ ਸਭ ਤੋਂ ਵੱਡਾ ਪਿਆਰ ਲੱਗ ਰਿਹਾ ਹੈ। ਗੂਗਲ ਨੇ ਤਕਾਹਾਸ਼ੀ ਦੀ ਯਾਤਰਾ ਨੂੰ ਦੱਸਣ ਲਈ ਇਕ ਵੀਡੀਓ ਟਵੀਟ ਕੀਤੀ ਹੈ। ਇਸ ਵੀਡੀਓ ਨੂੰ ਹੁਣ ਤੱਕ 22.8 ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ।