ਵਿਸ਼ਾਖਾਪਟਨਮ : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਇੱਕ ਫਾਰਮਾ ਕੰਪਨੀ ਵਿਚ ਵੀਰਵਾਰ ਸਵੇਰੇ ਲੀਕ ਹੋਈ ਗੈਸ ਨੇ 3 ਦੀ ਜਾਨ ਲੈ ਲਈ ਅਤੇ ਸੈਂਕੜੇ ਲੋਕ ਬਿਮਾਰ ਹੋ ਗਏ ਹਨ। ਸਥਾਨਕ ਪ੍ਰਸ਼ਾਸਨ ਅਤੇ ਨੇਵੀ ਨੇ ਫੈਕਟਰੀ ਦੇ ਨੇੜਲੇ 5 ਪਿੰਡਾਂ ਨੂੰ ਖਾਲੀ ਕਰਵਾ ਲਿਆ ਹੈ। ਇਸ ਜ਼ਹਿਰੀਲੀ ਗੈਸ ਕਾਰਨ ਫੈਕਟਰੀ ਦੇ ਤਿੰਨ ਕਿਲੋਮੀਟਰ ਦੇ ਇਲਾਕੇ ਪ੍ਰਭਾਵਿਤ ਹਨ। ਸੈਂਕੜੇ ਲੋਕ ਸਿਰ ਦਰਦ, ਉਲਟੀਆਂ ਅਤੇ ਸਾਹ ਲੈਣ ਵਿਚ ਮੁਸ਼ਕਲ ਹੋਣ ਕਾਰਨ ਹਸਪਤਾਲ ਪਹੁੰਚ ਰਹੇ ਹਨ। ਇਕ ਸਰਕਾਰੀ ਹਸਪਤਾਲ ਵਿਚ 3 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਬਜ਼ੁਰਗ ਅਤੇ ਬੱਚੇ ਸ਼ਾਮਲ ਹਨ।
ਜਾਣਕਾਰੀ ਅਨੁਸਾਰ 150-170 ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ ਹੈ। ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੋ ਰਹੀ ਹੈ, ਉਨ੍ਹਾਂ ਨੂੰ ਆਕਸੀਜਨ ਸਪੋਰਟ ਦਿੱਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਤੜਕੇ ਆਰ.ਆਰ. ਵੈਂਕਟਪੁਰਮ ਵਿਚ ਸਥਿਤ ਵਿਸ਼ਾਖਾ ਐੱਲ. ਜੀ. ਪਾਲਿਮਰ ਕੰਪਨੀ ਵਿਚੋਂ ਜ਼ਹਿਰੀਲੀ ਗੈਸ ਲੀਕ ਹੋਈ। ਰਾਹਤ ਤੇ ਬਚਾਅ ਕਾਰਜ ਲਈ ਮੌਕੇ 'ਤੇ ਐੱਨ. ਡੀ. ਆਰ. ਐੱਫ. ਅਤੇ ਐੱਸ. ਡੀ. ਆਰ. ਐੱਫ. ਦੀਆਂ ਟੀਮਾਂ ਲਗਾਈਆਂ ਗਈਆਂ ਹਨ।