ਗੁਰੂਗ੍ਰਾਮ : ਦੇਸ਼ ਭਰ 'ਚ ਕੋਰੋਨਾ ਵਾਇਰਸ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਜਿਹੇ 'ਚ ਹਰਿਆਣਾ ਵੀ ਕੋਰੋਨਾ ਵਾਇਰਸ ਦੀ ਮਾਰ ਹੇਠ ਹੈ। ਐਤਵਾਰ ਸੂਬੇ 'ਚ ਜਿੱਥੇ 26 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ, ਉੱਥੇ ਹੀ ਇਸ ਖ਼ਤਰਨਾਕ ਵਾਇਰਸ ਕਾਰਨ ਇੱਕ ਮੌਤ ਹੋ ਗਈ ਹੈ। ਹਰਿਆਣਾ 'ਚ ਇਸ ਵੇਲੇ ਕੋਰੋਨਾ ਵਾਇਰਸ ਦੇ ਕੁੱਲ 408 ਮਾਮਲੇ ਹੋ ਗਏ ਹਨ ਤੇ ਮੌਤਾਂ ਦਾ ਅੰਕੜਾ ਛੇ 'ਤੇ ਪਹੁੰਚ ਗਿਆ ਹੈ। ਗੁਰੂਗ੍ਰਾਮ ਦੇ ਇਕ 45 ਸਾਲਾ ਵਿਅਕਤੀ ਦੀ ਰੋਹਤਕ ਦੇ PGIMS 'ਚ ਕੋਵਿਡ-19 ਨਾਲ ਮੌਤ ਹੋ ਗਈ ਜੋ ਕਿ ਪਿਛਲੀ 30 ਅਪ੍ਰੈਲ ਤੋਂ ਆਈਸੀਯੂ 'ਚ ਭਰਤੀ ਸੀ। ਸੋਨੀਪਤ 'ਚ 17 ਹੋਰ ਕੋਵਿਡ-19 ਦੇ ਕੇਸ ਦਰਜ ਕੀਤੇ ਗਏ ਹਨ ਜਿਸ ਤੋਂ ਬਾਅਦ ਜ਼ਿਲ੍ਹੇ 'ਚ ਪੌਜ਼ੇਟਵ ਮਰੀਜ਼ਾਂ ਦਾ ਕੁੱਲ ਅੰਕੜਾ 44 ਹੋ ਗਿਆ ਹੈ। ਸ਼ਨੀਵਾਰ ਪੌਜ਼ੇਟਿਵ ਆਏ ਸਾਰੇ ਮਰੀਜ਼ਾਂ ਦਾ ਦਿੱਲੀ ਨਾਲ ਸੰਪਰਕ ਦੱਸਿਆ ਜਾ ਰਿਹਾ ਹੈ। ਇਨ੍ਹਾਂ 'ਚੋਂ ਕੁਝ ਲੋਕ ਦਿੱਲੀ ਕੰਮ ਕਰਦੇ ਹਨ ਤੇ ਕਈ ਆਜ਼ਾਦਪੁਰ ਮੰਡੀ ਜਾਕੇ ਆਏ ਹਨ।
ਝੱਜਰ 'ਚ ਵੀ ਦੋ ਹੋਰ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 42 ਹੋ ਗਈ ਹੈ। ਇਨ੍ਹਾਂ ਦੋਵਾਂ 'ਚੋਂ ਇਕ ਸਬਜ਼ੀ ਮੰਡੀ 'ਚ ਮਜ਼ਦੂਰੀ ਦਾ ਕੰਮ ਕਰਦਾ ਹੈ ਜਦਕਿ ਦੂਜਾ ਪਹਿਲਾਂ ਤੋਂ ਕੋਰੋਨਾ ਪੌਜ਼ੇਟਿਵ ਕਮਿਸ਼ਨ ਏਜੰਟ ਦਾ ਪਰਿਵਾਰਕ ਮੈਂਬਰ ਹੈ।
ਇਹ ਵੀ ਪੜ੍ਹੋ: ਮਾਪਿਆਂ ਦਾ ਕਤਲ ਕਰ ਟਰਾਲੀ 'ਚ ਪਾ ਦੂਜੇ ਪਿੰਡ ਸੁੱਟ ਆਇਆ ਨੌਜਵਾਨ
ਯਮੁਨਾਨਗਰ 'ਚ ਦੋ ਹੋਰ ਪੌਜ਼ੇਟਿਵ ਕੇਸ ਆਉਣ ਮਗਰੋਂ ਜ਼ਿਲ੍ਹੇ 'ਚ ਪੀੜਤਾਂ ਦੀ ਗਿਣਤੀ ਛੇ ਹੋ ਗਈ ਹੈ। ਏਸੇ ਤਰ੍ਹਾਂ ਫਰੀਦਾਬਾਦ 'ਚ ਵੀ ਪੰਜ ਹੋਰ ਨਵੇਂ ਪੌਜ਼ੇਟਿਵ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਜ਼ਿਲ੍ਹੇ 'ਚ ਕੁੱਲ ਮਾਮਲੇ 68 ਹੋ ਗਏ ਹਨ। ਨਵੇਂ ਦਰਜ ਕੀਤੇ ਕੇਸਾਂ 'ਚ ਦੋ ਵਿਅਕਤੀ ਮੈਡੀਕਲ ਸਟਾਫ਼ ਦੇ ਹਨ ਜਦਕਿ ਤਿੰਨ ਮਰੀਜ਼ ਹਨ ਜੋ ਪਹਿਲਾਂ ਤੋਂ ਹੀ ਕਿਸੇ ਹੋਰ ਕਾਰਨ ਕਰਕੇ ਫਰੀਦਾਬਾਦ ਦੇ ESI ਹਸਪਤਾਲ 'ਚ ਭਰਤੀ ਸਨ। ਇਨ੍ਹਾਂ 'ਚੋਂ ਇਕ ਔਰਤ ਨੇ ਦੋ ਦਿਨ ਪਹਿਲਾਂ ਇਕ ਬੱਚੇ ਨੂੰ ਜਨਮ ਦਿੱਤਾ ਸੀ।
ਦੇਸ਼ ਭਰ ਦੇ ਵੱਖ-ਵੱਖ ਸੂਬਿਆਂ 'ਚ ਹਾਲਾਤ ਨਾਜ਼ੁਕ ਹੋ ਰਹੇ ਹਨ ਕਿਉਂਕਿ ਪੌਜ਼ੇਟਿਵ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ 'ਚ ਫਿਲਹਾਲ ਇਸ ਬਿਮਾਰੀ ਦਾ ਕੋਈ ਪੁਖ਼ਤਾ ਇਲਾਜ ਨਾ ਹੋਣ ਕਾਰਨ ਹਰ ਇਕ ਦੇ ਮਨ 'ਚ ਸਹਿਮ ਦਾ ਮਾਹੌਲ ਹੈ।