ਬੀਜਿੰਗ : ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਿਪਟਣ ਵਿਚ ਚੀਨ ਦੀ ਸ਼ਲਾਘਾ ਕੀਤੀ ਹੈ ਤੇ ਕਿਹਾ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਨੂੰ ਵੁਹਾਨ ਤੋਂ ਸਿੱਖਣਾ ਚਾਹੀਦਾ ਹੈ ਕਿ ਵਾਇਰਸ ਦੇ ਕੇਂਦਰਬਿੰਦੂ 'ਤੇ ਕਿਵੇਂ ਆਮ ਜ਼ਿੰਦਗੀ ਬਹਾਲ ਹੋਈ। ਇਸ ਤੋਂ ਇਕ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨੂੰ ਬੀਜਿੰਗ ਦੀ ਲੋਕ ਸੰਪਰਕ ਏਜੰਸੀ ਕਰਾਰ ਦਿੱਤਾ ਸੀ। ਟਰੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਵਿਸ਼ਵ ਸਿਹਤ ਸੰਗਠਨ ਨੂੰ ਖੁਦ 'ਤੇ ਸ਼ਰਮਿੰਦਾ ਹੋਣਾ ਚਾਹੀਦਾ ਹੈ। ਉਹਨਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੀ ਸਿਹਤ ਇਕਾਈ ਨੂੰ ਚੀਨ ਦੀ ਲੋਕ ਸੰਪਰਕ ਏਜੰਸੀ ਕਰਾਰ ਦਿੱਤਾ ਸੀ। ਵਿਸ਼ਵ ਸਿਹਤ ਸੰਗਠਨ ਦੀ ਸਿਹਤ ਐਮਰਜੰਸੀ ਪ੍ਰੋਗਰਾਮ ਅਧਿਕਾਰੀ ਮਾਰੀਆ ਵਾਨ ਕੇਰਖੋਵੇ ਨੇ ਜਿਨੇਵਾ ਵਿਚ ਆਨਲਾਈਨ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਵੁਹਾਨ ਵਿਚ ਕੋਵਿਡ-19 ਦਾ ਹੁਣ ਕੋਈ ਨਵਾਂ ਮਾਮਲਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਕੋਈ ਗੰਭੀਰ ਮਾਮਲਾ ਨਹੀਂ ਹੈ। ਸਿਨਹੂਆ ਨਿਊਜ਼ ਏਜੰਸੀ ਨੇ ਸ਼ਨੀਵਾਰ ਨੂੰ ਉਹਨਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਉਪਲੱਬਧੀ ਲਈ ਵਧਾਈ। ਉਹਨਾਂ ਨੇ ਕਿਹਾ ਕਿ ਦੁਨੀਆ ਨੇ ਚੀਨ ਤੋਂ ਸਿੱਖਿਆ ਹੈ ਤੇ ਸਾਨੂੰ ਵੁਹਾਨ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਨਾਲ ਉਹ ਸਮਾਜ ਵਿਚ ਆਮ ਹਾਲਾਤ ਲਿਆ ਰਹੇ ਹਨ। ਵੁਹਾਨ ਵਿਚ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਹਸਪਤਾਲਾਂ ਵਿਚ ਕੋਵਿਡ-19 ਦੇ ਸਾਰੇ ਮਾਮਲੇ ਖਤਮ ਹੋ ਚੁੱਕੇ ਹਨ।