ਬੀਜਿੰਗ : ਕੋਰੋਨਾ ਦਾ ਇਕ ਹੋਰ ਰੰਗ ਵੀ ਹੈ ਜੋ ਕਿ ਪਿਛੇ ਕੁੱਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਸੀ। ਕੋਰੋਨਾ ਪੀੜਤ ਦੇ ਲੱਛਣ ਦਿਖ ਜਾਂਦੇ ਹਨ ਜਿਸ ਕਾਰਨ ਉਸ ਦੀ ਪਛਾਣ ਹੋ ਜਾਂਦੀ ਹੈ ਪਰ ਉਸ ਦਾ ਕੀ ਕਰ ਸਕਦੇ ਹਾਂ ਜਿਸ ਕੋਰੋਨਾ ਦੇ ਲੱਛਣ ਹੀ ਨਹੀਂ ਦਿਖਦੇ। ਚੀਨ ਵਿਚ ਬਿਨਾਂ ਲੱਛਣ ਵਾਲੇ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ 981 ਤਕ ਪਹੁੰਚ ਗਏ ਹਨ, ਜਿਹਨਾਂ ਵਿਚ 631 ਮਾਮਲੇ ਹੁਬਏ ਸੂਬੇ ਤੇ ਉਸ ਦੀ ਰਾਜਧਾਨੀ ਵੁਹਾਨ ਤੋਂ ਹਨ। ਕੋਰੋਨਾ ਵਾਇਰਸ ਹੁਬੇਈ ਸੂਬੇ ਤੋਂ ਸ਼ੁਰੂ ਹੋਇਆ ਹੈ। ਸਰਕਾਰ ਨੇ ਮਈ ਦਿਵਸ (ਮਜ਼ਦੂਰ ਦਿਵਸ) ਦੀਆਂ ਪੰਜ ਦਿਨਾਂ ਦੀਆਂ ਛੁੱਟੀਆਂ ਦੌਰਾਨ ਵਾਇਰਸ ਫੈਲਣ ਦੇ ਖਤਰੇ ਨੂੰ ਦੇਖਦੇ ਹੋਏ ਸਾਵਧਾਨੀ ਵਧਾ ਦਿਤੀ ਹੈ। ਚੀਨ ਵਿਚ ਕੋਰੋਨਾ ਵਾਇਰਸ ਦੇ ਵਾਇਰਸ ਦੇ ਮਾਮਲੇ ਘਟਣ ਤੋਂ ਬਾਅਦ ਦੇਸ਼ ਵਿਚ ਆਮ ਗਤੀਵਿਧੀਆਂ ਬਹਾਲ ਕਰ ਦਿਤੀਆਂ ਗਈਆਂ। ਹਾਲਾਂਕਿ ਲੱਛਣ ਨਾ ਦਿਖਣ ਵਾਲੇ ਮਾਮਲਿਆਂ ਦਾ ਵਧਣਾ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਲੱਛਣ ਨਾ ਦਿਖਣ ਵਾਲੇ ਮਾਮਲੇ ਵਿਚ ਵਿਅਕਤੀ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਤਾਂ ਹੋ ਜਾਂਦਾ ਹੈ ਪਰ ਉਸ ਵਿਚ ਬੁਖਾਰ, ਗਲੇ ਵਿਚ ਖਰਾਸ਼ ਜਿਹੇ ਲੱਛਣ ਨਹੀਂ ਦਿਖਦੇ ਹਨ। ਅਜਿਹੇ ਲੋਕਾਂ ਤੋਂ ਦੂਜੇ ਵਿਅਕਤੀ ਦੇ ਪ੍ਰਭਾਵਤ ਹੋਣ ਦਾ ਖਤਰਾ ਬਰਕਰਾਰ ਰਹਿੰਦਾ ਹੈ।