ਐਸ.ਏ.ਐਸ. ਨਗਰ : ਦੇਸ਼ ਵਿੱਚ ਇੱਕ ਪਾਸੇ ਤਾਲਾਬੰਦੀ ਹੈ ਜਿਸ ਕਾਰਨ ਲੋਕ ਘਰਾਂ ਵਿਚ ਬੱਝ ਕੇ ਬੈਠੇ ਹਨ। ਸਾਰਾ ਸਮਾਂ ਇਕੱਠੇ ਰਹਿੰਦੇ ਹਨ ਨੋਕ ਝੋਕ ਅਤੇ ਤਕਰਾਰ ਹੋਣੀ ਵੀ ਸੁਭਾਵਕ ਹੈ ਪਰ ਇਹ ਇੰਨਾ ਭਿਆਨਕ ਰੂਪ ਧਾਰਨ ਕਰ ਲਵੇ ਕਿ ਜਿਸ ਨਾਲ ਕਿਸੇ ਦੀ ਜਾਨ ਵੀ ਚਲੀ ਜਾਵੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਘਰੇਲੂ ਕਲੇਸ਼ ਦੇ ਚਲਦਿਆਂ ਅਪਣੇ ਪਤੀ ਦੀ ਹਤਿਆ ਕਰਨ ਦੇ ਦੋਸ਼ ਵਿਚ ਥਾਣਾ ਮਟੌਰ ਪੁਲਿਸ ਨੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਾਜੀਵ ਕੁਮਾਰ ਨੇ ਦਸਿਆ ਕਿ ਫੂਲ ਕੁਮਾਰ ਜੋ ਕਿ ਅਪਣੀ ਪਤਨੀ ਅਤੇ ਬੱਚਿਆਂ ਨਾਲ ਪਿੰਡ ਮਟੌਰ ਵਿਖੇ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਕਰਫ਼ਿਊ ਦੌਰਾਨ ਗੋਲੀਆਂ ਨਾਲ ਭੁੰਨਿਆਂ ਵਿਅਕਤੀ
ਬੀਤੇ ਦਿਨੀਂ ਦੋਵਾਂ ਪਤੀ-ਪਤਨੀ ਦਾ ਘਰੇਲੂ ਝਗੜਾ ਇੰਨਾ ਵਧ ਗਿਆ ਕਿ ਪਤਨੀ ਨੇ ਗੁੱਸੇ ਵਿਚ ਅਪਣੇ ਪਤੀ ਦੇ ਸਿਰ ਵਿਚ ਤਵਾ ਮਾਰ ਦਿਤਾ। ਜ਼ਖ਼ਮੀ ਹਾਲਤ ਵਿਚ ਫੂਲ ਕੁਮਾਰ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਜਦੋਂ ਉਕਤ ਔਰਤ ਤੋਂ ਸਖ਼ਤੀ ਨਾਲ ਪੁਛਗਿੱਛ ਕੀਤੀ ਤਾਂ ਉਸ ਨੇ ਅਪਣੇ ਪਤੀ ਨੂੰ ਮਾਰਨ ਦੀ ਗੱਲ ਕਬੂਲ ਲਈ। ਪੁਲਿਸ ਨੇ ਉਸ ਵਿਰੁਧ ਕਾਰਵਾਈ ਕਰਦਿਆਂ ਆਈ.ਪੀ.ਸੀ. ਦੀ ਧਾਰਾ 302 ਤਹਿਤ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਗਿਆ। ਥਾਣਾ ਮਟੌਰ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਪਰਵਾਰ ਦੇ ਹਵਾਲੇ ਕਰ ਦਿਤੀ।