ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਸਾਹਮਣਾ ਕਰ ਰਹੀ ਅਰਥਵਿਵਸਥਾ ਵਿਚ ਜਾਨ ਪਾਉਣ ਲਈ ਭਾਰਤੀ ਰਿਜ਼ਰਵ ਬੈਂਕ(RBI) ਨੇ ਅੱਜ ਕਈ ਵੱਡੇ ਐਲਾਨ ਕੀਤੇ ਹਨ। ਰਿਜ਼ਰਵ ਬੈਂਕ ਨੇ ਰਿਵਰਸ ਰੇਪੋ ਰੇਟ ਘਟਾ ਕੇ ਬੈਂਕਾਂ ਦੀ ਜਮਾ ਰਾਸ਼ੀ ਤੇ ਲੱਗਣ ਵਾਲੇ ਵਿਆਜ ਨੂੰ ਘੱਟ ਕਰ ਦਿੱਤਾ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਰਿਵਰਸ ਰੇਪੋ ਰੇਟ ਵਿਚ 0.25 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ, ਇਸ ਦੇ ਨਾਲ ਹੀ ਬਾਜ਼ਾਰ ਵਿਚ ਨਕਦੀ ਸੰਕਟ ਨਾ ਆਏ ਇਸ ਲਈ ਵੀ 50 ਹਜ਼ਾਰ ਕਰੋੜ ਰੁਪਏ ਦੇ ਵਾਧੂ ਇੰਤਜਾਮ ਦੀ ਗੱਲ ਕਹੀ। ਰਿਜ਼ਰਵ ਬੈਂਕ ਵਲੋਂ ਦਿੱਤੀ ਗਈ ਰਾਹਤ ਲਈ ਪ੍ਰਧਾਨ ਮੰਤਰੀ ਨੇ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਨਾਲ ਛੋਟੇ ਕਾਰੋਬਾਰੀਆਂ, ਐਮ.ਐਸ.ਐਮ.ਈ., ਕਿਸਾਨਾਂ ਅਤੇ ਗਰੀਬਾਂ ਨੂੰ ਫਾਇਦਾ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ਵਿਚ ਲਿਖਿਆ, 'ਆਰ.ਬੀ.ਆਈ. ਦੀਆਂ ਅੱਜ ਦੀਆਂ ਘੋਸ਼ਨਾਵਾਂ ਨਾਲ ਨਕਦੀ ਵਧੇਗੀ ਅਤੇ ਕਰਜ਼ਾ ਮਿਲਣਾ ਆਸਾਨ ਹੋਵੇਗਾ। ਅਜਿਹੇ ਕਦਮਾਂ ਨਾਲ ਸਾਡੇ ਛੋਟੇ ਕਾਰੋਬਾਰੀ, ਐਮ.ਐਸ.ਐਮ.ਈ., ਕਿਸਾਨਾਂ ਅਤੇ ਗਰੀਬਾਂ ਨੂੰ ਸਹਾਇਤਾ ਮਿਲੇਗੀ। ਇਹ ਡਬਲਯੂ.ਐਮ.ਏ. ਦੀ ਹੱਦ ਵਧਾ ਕੇ ਸਾਰੇ ਸੂਬਿਆਂ ਦੀ ਵੀ ਸਹਾਇਤਾ ਕਰੇਗਾ।' ਇਸ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ, 'ਕੋਰੋਨਾ ਦੇ ਕਾਰਣ ਹੋਣ ਵਾਲੀਆਂ ਪਰੇਸ਼ਾਨੀਆਂ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਵਲੋਂ ਨਕਦੀ ਤਰਲਤਾ ਬਣਾਏ ਰੱਖਣ, ਬੈਂਕ ਕਰਜ਼ਾ ਅਸਾਨ ਬਣਾਉਣ, ਵਿੱਤੀ ਤਣਾਅ ਘੱਟ ਕਰਨ ਅਤੇ ਬਾਜ਼ਾਰਾਂ ਦੇ ਆਮ ਕੰਮਕਾਜ ਨੂੰ ਸਮਰੱਥ ਕਰਨ ਦੇ ਉਦੇਸ਼ ਨਾਲ ਕਈ ਕਦਮ ਚੁੱਕੇ ਗਏ ਹਨ।'