ਲੰਡਨ : ਇੰਗਲੈਂਡ ਦਾ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹੀਅਰਫੋਰਡਸ਼ਾਇਰ ਵਿਚ 15 ਸਾਲਾ ਕੁੜੀ ਨੂੰ ਆਪਣੇ ਹੀ ਬੱਚੇ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਕੁੜੀ ਨੇ ਘਰ ਵਿਚ ਇਕੱਲੇ ਹੀ ਬੱਚੇ ਨੂੰ ਜਨਮ ਦਿੱਤਾ ਅਤੇ ਬਾਅਦ ਵਿਚ ਉਸ ਨੂੰ ਕੂੜੇਦਾਨ ਵਿਚ ਸੁੱਟ ਦਿੱਤਾ। ਕੂੜੇ ਵਿਚ ਨਵਜੰਮਾ ਬੱਚਾ ਦੇਖ ਕੇ ਉਨ੍ਹਾਂ ਦੇ ਇਕ ਗੁਆਂਢੀ ਨੇ ਪੁਲਸ ਨੂੰ ਇਸ ਬਾਰੇ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਪੁਲਸ ਹੀਅਰਫੋਰਡਸ਼ਾਇਰ ਦੇ ਕੁਲ-ਡੇਅ-ਸੈਕ ਨੇੜੇ ਰੋਜ਼-ਆਨ-ਵਾਏ ਪਹੁੰਚੀ। ਦੋਸਤਾਂ ਦਾ ਕਹਿਣਾ ਹੈ ਕਿ ਉਸੇ ਵੇਲੇ ਕੁੜੀ ਦਾ ਪਿਤਾ ਕੈਂਸਰ ਨਾਲ ਮਰ ਰਿਹਾ ਸੀ। ਉਨ੍ਹਾਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਹਸਪਤਾਲ ਬੁਲਾਇਆ ਗਿਆ ਸੀ। ਪਰ ਕੁੜੀ ਘਰ ਵਿਚ ਹੀ ਰੁੱਕ ਗਈ ਕਿਉਂਕਿ ਉਹ ਚੰਗਾ ਮਹਿਸੂਸ ਨਹੀਂ ਕਰ ਰਹੀ ਸੀ। ਉਸ ਨੂੰ ਖੁਦ ਅੰਦਾਜ਼ਾ ਨਹੀਂ ਸੀ ਕਿ ਉਹ ਲੇਬਰ ਪੇਨ (ਜਣੇਪਾ ਦਰਦ) ਵਿਚੋਂ ਲੰਘ ਰਹੀ ਹੈ। ਕੁੜੀ ਦੀ ਦੋਸਤ ਨੇ ਦੱਸਿਆ, ''ਬੱਚੇ ਦੇ ਜਨਮ ਸਮੇਂ ਘਰ ਵਿਚ ਕੋਈ ਹੋਰ ਮੌਜੂਦ ਨਹੀਂ ਸੀ। ਕੁੜੀ ਉਸ ਸਮੇਂ ਇਹ ਵੀ ਸੋਚ ਨਹੀਂ ਪਾ ਰਹੀ ਸੀ ਕਿ ਉਸ ਦੇ ਪਿਤਾ ਨਾਲ ਕੀ ਹੋ ਰਿਹਾ ਹੈ। ਘਬਰਾਹਟ ਵਿਚ ਹੀ ਉਸ ਨੇ ਆਪਣੇ ਬੱਚੇ ਨੂੰ ਇਕ ਪਲਾਸਟਿਕ ਬੈਗ ਵਿਚ ਪਾ ਕੇ ਸੁੱਟ ਦਿੱਤਾ। ਪੁਲਸ ਨੇ ਬਗੀਚੇ ਵਿਚ ਪਏ ਕੂੜੇਦਾਨ ਵਿਚੋਂ ਨਵਜੰਮੇ ਬੱਚੇ ਨੂੰ ਬਰਾਮਦ ਕੀਤਾ।''
ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਬੱਚੇ ਦੇ ਸਾਹ ਨਹੀਂ ਸਨ ਚੱਲ ਰਹੇ। ਉਸ ਨੂੰ ਤੁਰੰਤ ਐਂਬੂਲੈਂਸ ਜ਼ਰੀਏ ਹਸਪਤਾਲ ਲਿਜਾਇਆ ਗਿਆ। ਗੁਆਂਢੀਆਂ ਨੇ ਦੱਸਿਆ ਕਿ ਕੁੜੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉੱਧਰ ਕੁੜੀ ਦੀ ਦੋਸਤ ਨੇ ਦੱਸਿਆ ਕਿ ਹਰ ਕੋਈ ਉਸ ਦੇ ਪਿਤਾ ਅਤੇ ਬੱਚੇ ਲਈ ਬੁਰਾ ਮਹਿਸੂਸ ਕਰ ਰਿਹਾ ਹੈ। ਪੁਲਸ ਨੇ ਐਤਵਾਰ ਨੂੰ ਕੁੜੀ ਨੂੰ ਗ੍ਰਿਫਤਾਰ ਕਰ ਲਿਆ। ਜਮਾਨਤ 'ਤੇ ਰਿਹਾਅ ਕੀਤੇ ਜਾਣ ਤੋਂ ਪਹਿਲਾਂ ਪੁਲਸ ਨੇ ਕੁੜੀ ਤੋਂ ਮਾਮਲੇ ਨਾਲ ਸਬੰਧਤ ਪੁੱਛਗਿੱਛ ਕੀਤੀ। ਘਟਨਾ ਦੇ ਬਾਅਦ ਕੁੜੀ ਨੂੰ ਉਸ ਦੇ ਘਰ ਵਿਚ ਨਹੀਂ ਦੇਖਿਆ ਗਿਆ। ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਰਹਿ ਰਹੀ ਹੈ। ਉੱਧਰ ਕੁੜੀ ਦੇ ਪਿਤਾ ਦੇ ਅੰਤਮ ਸਸਕਾਰ ਦੀ ਤਿਆਰੀ ਕੀਤੀ ਜਾ ਚੁੱਕੀ ਹੈ।
ਇਕ ਹੋਰ ਜਾਣਕਾਰੀ ਮੁਤਾਬਕ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਉਸ ਦੀ ਗਰਭਵਤੀ ਹੋਣ ਦੇ ਬਾਰੇ ਪਤਾ ਸੀ। ਉਸ ਨੇ ਡਿਲੀਵਰੀ ਦੀ ਤਿਆਰੀ ਲਈ ਸਕੂਲ ਛੱਡ ਦਿੱਤਾ ਸੀ। ਉਸ ਦੀ ਇਕ ਦੋਸਤ ਨੇ ਦੱਸਿਆ, ''ਘਟਨਾ ਦੇ ਇਕ ਮਹੀਨੇ ਪਹਿਲਾਂ ਤੱਕ ਉਹ ਸਕੂਲ ਆ ਰਹੀ ਸੀ। ਮੈਨੂੰ ਪਤਾ ਲੱਗਾ ਕਿ ਬੱਚਾ ਇਕ ਬੇਬੀ ਗਰਲ ਸੀ।'' ਵੈਸਟ ਮਰਸੀਆ ਪੁਲਸ ਨੇ ਪੁਸ਼ਟੀ ਕੀਤੀ ਕਿ 15 ਸਾਲਾ ਕੁੜੀ ਨੂੰ ਬੱਚੇ ਦੀ ਹੱਤਿਆ ਕਰਨ ਦੀ ਕੋਸ਼ਿਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਇਸ ਮਾਮਲੇ ਨੂੰ ਬਹੁਤ ਸੰਵੇਦਨਸ਼ੀਲ ਦੱਸਿਆ ਹੈ। ਪੁਲਸ ਕਮਾਂਡਰ ਸੁਪਰੀਡੈਂਟ ਸੂ ਥਾਮਸ ਨੇ ਕਿਹਾ, ''ਪੁਲਸ ਨੂੰ 24 ਮਾਰਚ ਦੀ ਸਵੇਰ ਇਕ ਕਾਲ ਆਈ ਸੀ ਜਿਸ ਵਿਚ ਇਕ ਨਵਜੰਮਾ ਬੱਚਾ ਮਿਲਣ ਦੀ ਖਬਰ ਦਿੱਤੀ ਗਈ ਸੀ।''