ਮੁਹਾਲੀ - ਸ਼ਹਿਰ ਦੇ ਮਸ਼ਹੂਰ ਸਿੱਪੀ ਸਿੱਧੂ ਕਤਲ ਕੇਸ ਦੀ ਸੁਣਵਾਈ ਹੁਣ CBI ਦੀ ਵਿਸ਼ੇਸ਼ ਅਦਾਲਤ ਵਿਚ ਹੋਵੇਗੀ। ਹੁਣ ਤੱਕ ਇਹ ਕੇਸ CBI ਦੀ ਜੁਡੀਸ਼ੀਅਲ ਮੈਜਿਸਟ੍ਰੇਟ ਅਦਾਲਤ ਵਿਚ ਚੱਲ ਰਿਹਾ ਸੀ।
ਇਹ ਕੇਸ ਸ਼ਨੀਵਾਰ ਨੂੰ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। CBI ਨੇ ਪਿਛਲੇ ਸਾਲ ਸਿੱਪੀ ਸਿੱਧੂ ਕਤਲ ਕੇਸ ਵਿੱਚ ਕਲਿਆਣੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਕਲਿਆਣੀ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਕਾਰਜਕਾਰੀ ਚੀਫ਼ ਜਸਟਿਸ ਸਬੀਨਾ ਦੀ ਬੇਟੀ ਹੈ।
ਉਸ 'ਤੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਸਿੱਪੀ ਸਿੱਧੂ ਦੀ ਹੱਤਿਆ ਦਾ ਦੋਸ਼ ਹੈ। ਇਸ ਮਾਮਲੇ ਦੀ ਸੁਣਵਾਈ ਹੁਣ 9 ਫਰਵਰੀ ਨੂੰ ਹੋਵੇਗੀ। ਪਿਛਲੇ ਸਾਲ ਸੀਬੀਆਈ ਨੇ ਇਸ ਮਾਮਲੇ ਵਿਚ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ ਪਰ ਇਹ ਕਤਲ ਦਾ ਮਾਮਲਾ ਹੈ ਇਸ ਲਈ ਇਸ ਦੀ ਸੁਣਵਾਈ ਵਿਸ਼ੇਸ਼ ਅਦਾਲਤ ਵਿਚ ਹੀ ਹੋਵੇਗੀ, ਇਸ ਲਈ ਇਸ ਨੂੰ ਵਿਸ਼ੇਸ਼ ਅਦਾਲਤ ਵਿਚ ਭੇਜਿਆ ਗਿਆ ਹੈ।
20 ਸਤੰਬਰ 2015 ਦੀ ਰਾਤ ਨੂੰ ਸੈਕਟਰ-27 ਦੇ ਪਾਰਕ ਵਿਚ ਨੈਸ਼ਨਲ ਸ਼ੂਟਰ ਐਡਵੋਕੇਟ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਹਿਲਾਂ ਇਹ ਮਾਮਲਾ ਪੁਲਿਸ ਕੋਲ ਸੀ ਪਰ ਫਿਰ ਇਸ ਨੂੰ ਸੀਬੀਆਈ ਨੂੰ ਸੌਂਪ ਦਿੱਤਾ ਗਿਆ।