ਨਵੀਂ ਦਿੱਲੀ : ਮਦਰ ਡੇਅਰੀ ਨੇ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ’ਚ ਖਪਤਕਾਰਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਦੁੱਧ ਦੀਆਂ ਕੀਮਤਾਂ ’ਚ 2 ਰੁਪਏ ਦਾ ਵਾਧਾ ਕੀਤਾ ਹੈ। ਮਦਰ ਡੇਅਰੀ ਨੇ ਫੁੱਲ ਕਰੀਮ, ਟੋਂਡ ਅਤੇ ਡਬਲ ਟੋਨਡ ਦੁੱਧ ਦੀ ਕੀਮਤ ਵਧਾ ਦਿਤੀ ਹੈ।
ਵਧੀ ਹੋਈ ਕੀਮਤ 27 ਦਸੰਬਰ ਤੋਂ ਲਾਗੂ ਹੋਵੇਗੀ। ਫੁਲ ਕਰੀਮ ਦੇ ਇਕ ਲੀਟਰ ਬੈਗ ਦੀ ਕੀਮਤ ਹੁਣ 64 ਰੁਪਏ ਦੀ ਬਜਾਏ 66 ਰੁਪਏ ਹੋਵੇਗੀ। ਇਸ ਦੇ ਅੱਧੇ ਲਿਟਰ ਦੇ ਬੈਗ ਲਈ 32 ਰੁਪਏ ਦੀ ਬਜਾਏ ਹੁਣ 33 ਰੁਪਏ ਦੇਣੇ ਪੈਣਗੇ। ਟੋਂਡ ਦੁੱਧ ਦਾ ਇਕ ਲੀਟਰ ਬੈਗ ਹੁਣ 53 ਰੁਪਏ ਵਿਚ ਮਿਲੇਗਾ।
ਪਹਿਲਾਂ ਇਸ ਦੀ ਕੀਮਤ 51 ਰੁਪਏ ਸੀ। ਇਸ ਦਾ ਅੱਧਾ ਲਿਟਰ ਵਾਲਾ ਬੈਗ ਹੁਣ 26 ਰੁਪਏ ਦੀ ਬਜਾਏ 27 ਰੁਪਏ ਵਿਚ ਮਿਲੇਗਾ। ਇਸੇ ਤਰ੍ਹਾਂ ਡਬਲ ਟੋਨਡ ਦੁੱਧ ਦਾ ਇਕ ਲੀਟਰ ਬੈਗ ਹੁਣ 45 ਰੁਪਏ ਦੀ ਬਜਾਏ 47 ਰੁਪਏ ਵਿਚ ਮਿਲੇਗਾ।