ਗੁਜਰਾਤ : ਗੁਜਰਾਤ (Gujarat) ‘ਚ ਵਿਧਾਨ ਸਭਾ ਚੋਣਾਂ (Assembly elections) ਦੇ ਨਤੀਜੇ ਆ ਰਹੇ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ਲਈ ਅੱਜ ਜਾਰੀ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ‘ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਡੀ ਲੀਡ ਲੈਂਦੀ ਨਜ਼ਰ ਆ ਰਹੀ ਹੈ। ਉਹ ਹੁਣ ਤੱਕ 149 ਸੀਟਾਂ ਜਿੱਤਣ ਦੇ ਕਾਂਗਰਸ ਦੇ ਸਰਵੋਤਮ ਪ੍ਰਦਰਸ਼ਨ ਦੇ ਰਿਕਾਰਡ ਵੱਲ ਵਧ ਰਹੀ ਹੈ। ਇਸ ਦੌਰਾਨ ਕਾਂਗਰਸ ਦੇ ਗਾਂਧੀਧਾਮ ਤੋਂ ਉਮੀਦਵਾਰ ਭਰਤ ਸੋਲੰਕੀ ਨੇ ਵੀ ਕਾਊਂਟਿੰਗ ਸਟੇਸ਼ਨ ‘ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਭਰਤ ਸੋਲੰਕੀ ਨੇ ਈਵੀਐਮ ਵਿੱਚ ਗੜਬੜੀ ਦਾ ਦੋਸ਼ ਲਾਉਂਦਿਆਂ ਆਪਣੇ ਗਲੇ ਵਿੱਚ ਫੰਦਾ ਬੰਨ੍ਹ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਦੱਸ ਦੇਈਏ ਕਿ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਮੌਜੂਦ ਤਾਜ਼ਾ ਅੰਕੜਿਆਂ ਦੇ ਰੁਝਾਨਾਂ ‘ਚ ਭਾਜਪਾ 149 ਸੀਟਾਂ ‘ਤੇ ਅੱਗੇ ਹੈ। 1985 ਦੀਆਂ ਚੋਣਾਂ ਵਿੱਚ ਮਾਧਵ ਸਿੰਘ ਸੋਲੰਕੀ ਦੀ ਅਗਵਾਈ ਵਿੱਚ ਕਾਂਗਰਸ ਨੇ 149 ਸੀਟਾਂ ਜਿੱਤੀਆਂ ਸਨ। ਰਾਜ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਵੱਲੋਂ ਜਿੱਤੀਆਂ ਇਹ ਸਭ ਤੋਂ ਵੱਧ ਸੀਟਾਂ ਹਨ।
ਹੁਣ ਤੱਕ ਇਹ ਇੱਕ ਰਿਕਾਰਡ ਹੈ। ਭਾਜਪਾ ਸੂਬੇ ਵਿੱਚ ਲਗਾਤਾਰ ਸੱਤਵੀਂ ਵਿਧਾਨ ਸਭਾ ਚੋਣ ਜਿੱਤ ਵੱਲ ਵਧ ਰਹੀ ਹੈ। 1995 ਤੋਂ ਲੈ ਕੇ ਹੁਣ ਤੱਕ ਇਸ ਨੇ ਸੂਬੇ ਦੀਆਂ ਸਾਰੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਰੁਝਾਨਾਂ ਮੁਤਾਬਕ ਕਾਂਗਰਸ 19 ਸੀਟਾਂ ‘ਤੇ ਅਤੇ ਆਮ ਆਦਮੀ ਪਾਰਟੀ (ਆਪ) 9 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਪੋਰਬੰਦਰ ਜ਼ਿਲ੍ਹੇ ਦੀ ਕੁਟੀਆਣਾ ਸੀਟ ‘ਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ, ਜਦਕਿ ਧਨੇਰਾ, ਵਗੋਡੀਆ, ਸੰਤਰਾਮਪੁਰ ਅਤੇ ਡੀਸਾ ‘ਚ ਆਜ਼ਾਦ ਉਮੀਦਵਾਰ ਅੱਗੇ ਹਨ।