ਚੰਡੀਗੜ੍ਹ - ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਜਿਸ ਵਿਚ ਉਨ੍ਹਾਂ ਨੇ ਬੰਦੀ ਸਿੰਘ ਦੀ ਰਿਹਾਈ ਦਾ ਮੁੱਦਾ ਉਠਾਉਂਦਿਆਂ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਸਿਮਰਨਜੀਤ ਮਾਨ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਬੰਦੀ ਛੋੜ ਦਿਵਸ ਮੌਕੇ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਸਰਕਾਰ ਰਿਹਾਅ ਕਰੇ।
ਉਹਨਾਂ ਨੇ ਪੱਤਰ ਵਿਚ ਲਿਖਿਆ ਕਿ ਜਦੋਂ ਤੋਂ 1947 ਤੋਂ ਭਾਰਤ ਅਜ਼ਾਦ ਹੋਇਆ ਹੈ, ਉਸ ਸਮੇਂ ਤੋਂ ਹੀ ਘੱਟ ਗਿਣਤੀ ਸਿੱਖ ਕੌਮ ਨਾਲ ਬੀਤੇ ਸਮੇਂ ਦੇ ਅਤੇ ਅਜੋਕੇ ਸਮੇਂ ਦੇ ਹੁਕਮਰਾਨ ਹਰ ਖੇਤਰ ਵਿਚ ਵਿਤਕਰੇ, ਜ਼ਿਆਦਤੀਆ ਅਤੇ ਜ਼ਬਰ ਜੁਲਮ ਕਰਦੇ ਆ ਰਹੇ ਹਨ।
ਭਾਰਤ ਦਾ ਜੋ ਵਿਧਾਨ ਇਥੋਂ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦਾ ਹੈ, ਵਿਧਾਨ ਦੀ ਧਾਰਾ 14, 19, ਅਤੇ 21 ਰਾਹੀਂ ਸਾਰਿਆਂ ਨੂੰ ਬਿਨ੍ਹਾਂ ਕਿਸੇ ਡਰ-ਭੈਅ ਦੇ ਆਜ਼ਾਦੀ ਨਾਲ ਜ਼ਿੰਦਗੀ ਬਤੀਤ ਕਰਨ, ਆਪਣੇ ਵਿਚਾਰਾਂ ਨੂੰ ਜਮਹੂਰੀ ਅਤੇ ਅਮਨਮਈ ਢੰਗ ਨਾਲ ਇਜ਼ਹਾਰ ਕਰਨ, ਰੋਸ ਵਿਖਾਵੇ ਕਰਨ ਆਦਿ ਦੇ ਹੱਕ ਪ੍ਰਦਾਨ ਕਰਦਾ ਹੈ ਅਤੇ ਜ਼ਿੰਦਗੀ ਜਿਉਂਣ ਦੀ ਸੁਰੱਖਿਆ ਪ੍ਰਦਾਨ ਕਰਦਾ ਹੈ, ਉਨ੍ਹਾਂ ਨੂੰ ਜਬਰੀ ਹੁਕਮਰਾਨ ਕੁਚਲਦੇ ਆ ਰਹੇ ਹਨ ।
ਇਥੋਂ ਤੱਕ ਜੋ ਬੀਤੇ ਸਮੇਂ ਵਿਚ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਸਿੱਖ ਕੌਮ ਨਾਲ ਸੰਬੰਧਤ ਨੌਜਵਾਨਾਂ ਨੂੰ ਮੰਦਭਾਵਨਾ ਅਤੇ ਝੂਠੇ ਕੇਸਾਂ ਅਧੀਨ ਬੰਦੀ ਬਣਾਇਆ ਹੋਇਆ ਹੈ ਅਤੇ ਜਿਨ੍ਹਾਂ ਨੇ ਆਪਣੀਆ ਕਾਨੂੰਨੀ ਸਜਾਵਾਂ ਕਾਫ਼ੀ ਲੰਮੇ ਸਮੇਂ ਤੋਂ ਪੂਰੀਆ ਕਰ ਲਈਆ ਹਨ, ਆਪਣੀਆ ਸਜਾਵਾਂ ਤੋਂ ਵੱਖ 4-4, 5-5 ਸਾਲ ਤੋਂ ਅਜੇ ਵੀ ਜੇਲ੍ਹਾਂ ਵਿਚ ਬੰਦ ਹਨ।
ਜਿਨ੍ਹਾਂ ਨੂੰ ਭਾਰਤ ਦਾ ਵਿਧਾਨ ਤੇ ਕਾਨੂੰਨ ਇਕ ਪਲ ਲਈ ਵੀ ਜੇਲਾਂ ਵਿਚ ਬੇਦੀ ਰੱਖਣ ਦੀ ਇਜਾਜ਼ਤ ਨਹੀਂ ਦਿੰਦਾ। ਉਸ ਦੇ ਬਾਵਜੂਦ ਇਨ੍ਹਾਂ ਨੌਜਵਾਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਜੋ ਕਿ ਬੀਤੇ ਸਮੇਂ ਦੇ ਸਿੱਖ ਕੌਮ ਨਾਲ ਹੁੰਦੇ ਆ ਰਹੇ ਜਬਰ ਜੁਲਮ ਤੇ ਬੇਇਨਸਾਫ਼ੀਆਂ ਵਿਚ ਹੋਰ ਵਾਧਾ ਕਰਦਾ ਹੈ।
ਇਨ੍ਹਾਂ ਬੰਦੀਆਂ ਨੂੰ ਆਪ ਜੀ ਵੱਲੋਂ ਰਿਹਾਅ ਨਾ ਕਰਕੇ ਹੁਕਮਰਾਨਾਂ ਅਤੇ ਸਿੱਖ ਕੌਮ ਵਿਚਕਾਰ ਇਕ ਵੱਡੀ ਨਫ਼ਰਤ ਤੇ ਗੁੱਸਾ ਪੈਦਾ ਹੋਣ ਦਾ ਮਾਹੌਲ ਹੀ ਸਿਰਜਿਆ ਜਾ ਰਿਹਾ ਹੈ। ਜੋ ਕਿ ਨਾ ਤਾਂ ਕਾਨੂੰਨੀ ਨਾ ਹੀ ਇਨਸਾਨੀ ਤੇ ਮਨੁੱਖੀ ਕਦਰਾਂ-ਕੀਮਤਾਂ ਦੇ ਬਿਨ੍ਹਾਂ ਸਹੀ ਹੈ। ਸਿਮਰਨਜੀਤ ਮਾਨ ਨੇ ਕਿਹਾ ਕਿ ਭਲਕੇ 24 ਅਕਤੂਬਰ ਦਾ ਦਿਹਾੜਾ ਸਿੱਖ ਕੌਮ ਦਾ ‘ਬੰਦੀਛੋੜ ਦਿਹਾੜੇ' ਦਾ ਮਹਾਨ ਦਿਨ ਆ ਰਿਹਾ ਹੈ।
ਇਸ ਦਿਨ ਸਿੱਖ ਕੌਮ ਦੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾਬਰ ਹੁਕਮਰਾਨਾਂ ਦੀ ਗਵਾਲੀਅਤ ਜੋ ਬੰਦੀ ਹੋਣ 'ਤੇ ਰਿਹਾਅ ਕਰਨ ਦੇ ਹੁਕਮ ਹੋਏ ਸਨ ਪਰ ਸਾਡੇ ਮਹਾਨ ਗੁਰੂ ਸਾਹਿਬਾਨ ਨੇ ਮਨੁੱਖੀ ਕਦਰਾਂ ਕੀਮਤਾਂ ਦੇ ਬਿਨ੍ਹਾਂ ਤੇ ਉਸ ਸਮੇਂ ਦੇ ਹੁਕਮਰਾਨ ਨੂੰ ਇਹ ਸੰਦੇਸ਼ ਭੇਜਿਆ ਕਿ ਜੋ ਮੇਰੇ ਨਾਲ 52 ਹਿੰਦੂ ਰਾਜੇ ਕੈਦ ਕੀਤੇ ਹੋਏ ਹਨ, ਉਨ੍ਹਾਂ ਨੂੰ ਵੀ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਜੇਕਰ ਮੇਰੇ ਨਾਲ ਰਿਹਾਅ ਕੀਤਾ ਜਾਵੇ ਤਦ ਹੀ ਮੈਂ ਇਸ ਕੈਦ ਵਿਚੋਂ ਬਾਹਰ ਜਾਵਾਂਗਾ।