ਜੋਧਪੁਰ - ਭਾਰਤੀ ਹਵਾਈ ਸੈਨਾ ਨੇ ਸੋਮਵਾਰ ਨੂੰ ਰਸਮੀ ਤੌਰ 'ਤੇ ਸਵਦੇਸ਼ੀ ਤੌਰ 'ਤੇ ਵਿਕਸਤ ਹਲਕੇ ਲੜਾਕੂ ਹੈਲੀਕਾਪਟਰ (ਐਲਸੀਐਚ) ਨੂੰ ਆਪਣੇ ਬੇੜੇ ਵਿਚ ਸ਼ਾਮਲ ਕੀਤਾ। ਇਸ ਨਾਲ ਹਵਾਈ ਸੈਨਾ ਦੀ ਤਾਕਤ ਵਿਚ ਹੋਰ ਵਾਧਾ ਹੋਵੇਗਾ ਕਿਉਂਕਿ ਇਹ ਮਲਟੀਫੰਕਸ਼ਨਲ ਹੈਲੀਕਾਪਟਰ ਕਈ ਤਰ੍ਹਾਂ ਦੀਆਂ ਮਿਜ਼ਾਈਲਾਂ ਦਾਗਣ ਅਤੇ ਹਥਿਆਰਾਂ ਦੀ ਵਰਤੋਂ ਕਰਨ ਦੇ ਸਮਰੱਥ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਦੀ ਮੌਜੂਦਗੀ ਵਿਚ ਚਾਰ ਹੈਲੀਕਾਪਟਰਾਂ ਨੂੰ ਭਾਰਤੀ ਹਵਾਈ ਸੈਨਾ ਦੇ ਬੇੜੇ ਵਿਚ ਸ਼ਾਮਲ ਕੀਤਾ ਗਿਆ।
ਰੱਖਿਆ ਮੰਤਰੀ ਨੇ ਕਿਹਾ, "ਇਹ ਇੱਕ ਮਹੱਤਵਪੂਰਨ ਪਲ ਹੈ ਜੋ ਰੱਖਿਆ ਉਤਪਾਦਨ ਵਿਚ ਭਾਰਤ ਦੀ ਸਮਰੱਥਾ ਨੂੰ ਦਰਸਾਉਂਦਾ ਹੈ।"
ਐਲਸੀਐਚ ਨੂੰ ਸਰਕਾਰੀ ਮਾਲਕੀ ਵਾਲੀ ਹਿੰਦੁਸਤਾਨ ਐਰੋਨਾਟਿਕਸ ਲਿਮਿਟੇਡ (ਐਚਏਐਲ) ਦੁਆਰਾ ਵਿਕਸਤ ਕੀਤਾ ਗਿਆ ਹੈ ਅਤੇ ਵਿਸ਼ੇਸ਼ ਤੌਰ 'ਤੇ ਉੱਚਾਈ ਤੈਨਾਤੀ ਲਈ ਤਿਆਰ ਕੀਤਾ ਗਿਆ ਹੈ। ਅਜਿਹੇ ਹੈਲੀਕਾਪਟਰ ਦੀ ਲੋੜ 1999 ਦੀ ਕਾਰਗਿਲ ਜੰਗ ਤੋਂ ਬਾਅਦ ਮਹਿਸੂਸ ਹੋਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ 5.8 ਟਨ ਅਤੇ ਟਵਿਨ ਇੰਜਣ ਵਾਲੇ ਹੈਲੀਕਾਪਟਰ ਦਾ ਪਹਿਲਾਂ ਹੀ ਕਈ ਹਥਿਆਰਾਂ ਦੀ ਵਰਤੋਂ ਲਈ ਪ੍ਰੀਖਣ ਕੀਤਾ ਜਾ ਚੁੱਕਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਾਲ ਮਾਰਚ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐਸ) ਨੇ 3, 887 ਕਰੋੜ ਰੁਪਏ ਵਿਚ 15 ਸਵਦੇਸ਼ੀ ਤੌਰ 'ਤੇ ਵਿਕਸਤ ਐਲਸੀਐਚ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਸੀ।