ਨਵੀਂ ਦਿੱਲੀ: ਦੋ ਭਾਜਪਾ ਸੰਸਦ ਮੈਬਰਾਂ ਸਣੇ ਨੌਂ ਜਣਿਆਂ ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਉਨ੍ਹਾਂ ’ਤੇ ਏਅਰ ਟਰੈਫਿਕ ਕੰਟਰੋਲ ਏਟੀਸੀ ਸਟਾਫ਼ ਤੋਂ ਕਥਿਤ ਧੱਕੇ ਨਾਲ ਉਡਾਣ ਭਰਨ ਦੀ ਕਲੀਅਰੈਂਸ ਲੈਣ ਦੇ ਇਲਜ਼ਾਮ ਲਗਾਏ ਗਏ ਹਨ।
ਦੇਵਘਰ ਹਵਾਈ ਅੱਡੇ (ਝਾਰਖੰਡ) ਦੇ ਸਕਿਉਰਿਟੀ ਇੰਚਾਰਜ ਵਲੋਂ ਦਿੱਤੀ ਸ਼ਿਕਾਇਤ ਮੁਤਾਬਕ 31 ਅਗਸਤ ਨੂੰ ਸੰਸਦ ਮੈਂਬਰਾਂ- ਨਿਸ਼ੀਕਾਂਤ ਦੂਬੇ, ਮਨੋਜ ਤਿਵਾੜੀ ਅਤੇ ਹੋਰਾਂ ਨੇ ਏਟੀਸੀ ’ਤੇ ਆਪਣੇ ਚਾਰਟਰਡ ਜਹਾਜ਼ ਨੂੰ ਤੈਅ ਸਮੇਂ ਤੋਂ ਬਾਅਦ ਉਡਾਣ ਭਰਨ ਦੀ ਇਜਾਜ਼ਤ ਦੇਣ ਲਈ ਦਬਾਅ ਬਣਾਇਆ ਸੀ।
ਭਾਜਪਾ ਸੰਸਦ ਮੈਂਬਰ ਦੁਮਕਾ ’ਚ ਉਸ ਨਾਬਾਲਗ ਲੜਕੀ ਦੇ ਪਰਿਵਾਰ ਨੂੰ ਮਿਲਣ ਲਈ ਆਏ ਸਨ ਜਿਸ ਨੂੰ ਕੁੱਝ ਦਿਨਾਂ ਪਹਿਲਾਂ ਜਿਊਂਦਾ ਸਾੜ ਦਿੱਤਾ ਗਿਆ ਸੀ।
ਵਿਵਾਦ ਉਸ ਵੇਲੇ ਹੋਇਆ ਜਦ ਦੋਵੇਂ ਸੰਸਦ ਮੈਂਬਰ ਦਿੱਲੀ ਵਾਪਸ ਜਾ ਰਹੇ ਸਨ। ਸੁਰੱਖਿਆ ਇੰਚਾਰਜ ਸੁਮਨ ਆਨੰਦ ਨੇ ਦੂਬੇ ਤੇ ਉਸ ਦੇ ਪੁੱਤਰਾਂ, ਮਨੋਜ ਤਿਵਾੜੀ, ਦੇਵਘਰ ਏਅਰਪੋਰਟ ਦੇ ਡਾਇਰੈਕਟਰ ਸੰਦੀਪ ਢੀਂਗਰਾ ਤੇ ਹੋਰਾਂ ਖ਼ਿਲਾਫ਼ ਕੁੰਡਾ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ।
ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਨੌਂ ਜਿਣਿਆ ਨੇ ਦੇਵਘਰ ਹਵਾਈ ਅੱਡੇ ਦੇ ਏਟੀਸੀ ਰੂਮ ਵਿਚ ਦਾਖਲ ਹੋ ਕੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਤੇ ਉਹ ਧੱਕੇ ਨਾਲ ਆਪਣੇ ਜਹਾਜ਼ ਲਈ ‘ਟੇਕ-ਐਫ਼’ ਕਲੀਅਰੈਂਸ ਲੈਣ ਦੀ ਕੋਸ਼ਿਸ਼ ਕਰ ਰਹੇ ਸਨ।
FIR ਦਰਜ ਹੋਣ ਤੋਂ ਬਾਅਦ ਦੂਬੇ ਤੇ ਦੇੲਘਰ ਦੇ ਡੀਸੀ ਮੰਜੂਨਾਥ ਭਜੰਤਰੀ ਵਿਚਾਲੇ ਟਵਿੱਟਰ ’ਤੇ ਵਿਵਾਦ ਛਿੜ ਗਿਆ। FIR ਵਿਚ ਇਲਜ਼ਾਮ ਲਾਇਆ ਗਿਆ ਹੈ ਕਿ ਏਟੀਸੀ ਤੋਂ ਜਬਰੀ ਮਨਜ਼ੂਰੀ ਲਈ ਗਈ ਜਦਕਿ ਹਾਲ ਹੀ ਵਿਚ ਸ਼ੁਰੂ ਹੋਏ ਇਸ ਹਵਾਈ ਅੱਡੇ ’ਤੇ ਰਾਤ ਨੂੰ ਉਡਾਣ ਭਰਨ ਜਾਂ ਲੈਂਡਿੰਗ ਦੀ ਸਹੂਲਤ ਨਹੀਂ ਹੈ।