ਸਨ ਫਰਾਂਸਿਸਕੋ : ਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਦੇ ਸੀਈਓ ਐਲਨ ਮਸਕ ਦਾ ਇੰਟਰਨੈੱਟ ਮੀਡੀਆ ਕੰਪਨੀ ਟਵਿਟਰ ਨੂੰ 44 ਅਰਬ ਡਾਲਰ ’ਚ ਖਰੀਦਣ ਵਾਲਾ ਸੌਦਾ ਸੰਕਟ ’ਚ ਆ ਗਿਆ ਹੈ।
ਸੂਤਰਾਂ ਦੇ ਹਵਾਲੇ ਨਾਲ ਵਾਸ਼ਿੰਗਟਨ ਪੋਸਟ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਸਕ ਵੱਲੋਂ ਪੈਸਾ ਇਕੱਠਾ ਕਰਨ ਸਬੰਧੀ ਗੱਲਬਾਤ ਰੋਕ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਮਸਕ ਇਕੱਲਾ ਟਵਿਟਰ ਨੂੰ ਖਰੀਦਣ ਦੇ ਸਮਰੱਥ ਨਹੀਂ ਹੈ।
ਮਸਕ ਨੇ ਲੈਰੀ ਐਲੀਸਨ, ਵੇਂਚਰ ਕੈਪੀਟਲ ਕੰਪਨੀ ਤੇ ਡ੍ਰੈਸਨ ਹੋਰੋਵਿਤਜ਼, ਕ੍ਰਿਪਟੋ ਐਕਸਚੇਂਜ ਬਿਨਾਂਸ ਤੇ ਕਤਰ ਦੀ ਸਰਕਾਰੀ ਨਿਵੇਸ਼ ਕੰਪਨੀ ਨੂੰ ਉਸਦੇ ਸੌਦੇ ’ਚ ਨਿਵੇਸ਼ ਕਰਨ ਲਈ ਕਿਹਾ ਸੀ।
ਦੂਜੇ ਪਾਸੇ, ਇਸ ਸੌਦੇ ਨੂੰ ਵੇਖਦੇ ਹੋਏ ਟਵਿਟਰ ਨੇ ਟੈਲੇਂਟ ਐਕਵੀਜ਼ੀਸ਼ਨ ਟੀਮ ਤੋਂ 30 ਫੀਸਦੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਟਵਿਟਰ ਦੇ ਬੁਲਾਰੇ ਨੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਪੁਸ਼ਟੀ ਕੀਤੀ ਹੈ। ਕੱਢੇ ਗਏ ਮੁਲਾਜ਼ਮਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਟਵਿਟਰ ਨੇ ਸਾਰੇ ਵਿਭਾਗਾਂ ’ਚ ਭਰਤੀ ਪ੍ਰਕਿਰਿਆ ’ਤੇ ਰੋਕ ਲਾਉਣ ਦਾ ਵੀ ਐਲਾਨ ਕੀਤਾ ਸੀ।