ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਈ-ਵਿਧਾਨ ਸਭਾ ਸ਼ੁਰੂ ਕਰਨ ਜਾ ਰਹੀ ਹੈ। ਮਾਨ ਨੇ ਦੱਸਿਆ ਕਿ ਇਸ ਤਕਨੀਕ ਤਹਿਤ ਵਿਧਾਇਕਾਂ ਦੇ ਮੇਜ਼ਾਂ ‘ਤੇ ਆਧੁਨਿਕ ਤਕਨੀਕ ਆਧਾਰਿਤ ਸਕ੍ਰੀਨਾਂ ਲਾਈਆਂ ਜਾਣਗੀਆਂ। ਸੀਟਾਂ ‘ਤੇ ਸਭ ਕੁਝ ਆਨਲਾਈਨ ਨਜ਼ਰ ਆਏਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਵੇਰਵੇ ਉੱਥੇ ਮੁਹੱਈਆ ਕਰਵਾਏ ਜਾਣਗੇ। ਸੀ.ਐੱਮ. ਮਾਨ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਸੂਬਾ ਬਣਾਉਣ ਲਈ ਸਰਕਾਰ ਹਰ ਸੰਭਵ ਯਤਨ ਕਰੇਗੀ।
ਇਸ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ਵਿੱਚ ਦੱਸਿਆ ਕਿ 3 ਮਹੀਨੇ ਵਿੱਚ ਆਮ ਆਦਮੀ ਪਾਰਟੀ ਸਰਾਕਰ ਨੇ 8 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਹੈ, ਹਾਲਾਂਕਿ ਸਰਕਾਰ ਨੇ 10, 500 ਕਰੋੜ ਦਾ ਕਰਜ਼ਾ ਵਾਪਿਸ ਵੀ ਕੀਤਾ ਹੈ, ਜਿੰਨਾ ਕਰਜ਼ਾ ਲਿਆ ਹੈ, ਉਸ ਤੋਂ 2500 ਕਰੋੜ ਜ਼ਿਆਦਾ ਵਾਪਿਸ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਾਲ 2020-21 ਵਿੱਚ 42 ਹਜ਼ਾਰ 386 ਕਰੋੜ ਕਰਜ਼ਾ ਲਿਆ ਗਿਆ। 2021-22 ਵਿੱਚ 41 ਹਜ਼ਾਰ 83 ਕਰੋੜ ਕਰਜ਼ਾ ਲਿਆ ਗਿਆ। ਪੰਜਾਬ ਸਰਕਾਰ ਦੀ ਕਰਜ਼ਾ ਲੈਣ ਦੀ ਲਿਮਿਟ 55 ਹਜ਼ਾਰ ਕਰੋੜ ਹੈ ਪਰ ਸਾਡੀ ਸਰਕਾਰ ਨੇ ਤੈਅ ਕੀਤਾ ਹੈ ਕਿ ਸਾਲ ਵਿੱਚ 35 ਹਜ਼ਾਰ ਕਰੋੜ ਤੋਂ ਵੱਧ ਕਰਜ਼ਾ ਨਹੀਂ ਲਵਾਂਗੇ ਇਸ ਦੌਰਾਨ 36 ਹਜ਼ਾਰ ਕਰੋੜ ਕਰਜ਼ਾ ਵਾਪਸ ਵੀ ਕਰਾਂਗੇ।