ਉਦੈਪੁਰ : 10 ਦਿਨ ਪਹਿਲਾਂ ਰਾਜਸਥਾਨ ਦੇ ਉਦੈਪੁਰ 'ਚ ਨੂਪੁਰ ਸ਼ਰਮਾ ਦੇ ਸਮਰਥਨ 'ਚ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਵਾਲੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰ ਮੰਗਲਵਾਰ ਨੂੰ ਦਿਨ ਦਿਹਾੜੇ ਉਸਦੀ ਦੁਕਾਨ ਵਿੱਚ ਦਾਖਲ ਹੋਏ ਅਤੇ ਤਲਵਾਰ ਨਾਲ ਕਈ ਵਾਰ ਕੀਤੇ ਅਤੇ ਉਸਦਾ ਗਲਾ ਵੱਢ ਦਿੱਤਾ। ਇਸ ਪੂਰੇ ਹਮਲੇ ਦੀ ਵੀਡੀਓ ਵੀ ਬਣਾਈ ਗਈ। ਇੰਨਾ ਹੀ ਨਹੀਂ ਦੋਸ਼ੀਆਂ ਨੇ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ।
ਉਦੈਪੁਰ ਜ਼ਿਲੇ 'ਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ 24 ਘੰਟੇ ਲਈ ਨੈੱਟ ਬੰਦ ਕਰ ਦਿੱਤਾ ਗਿਆ ਹੈ। ਘਟਨਾ ਦੇ ਵਿਰੋਧ 'ਚ ਹਾਥੀਪੋਲ, ਘੰਟਾਘਰ, ਅਸ਼ਵਨੀ ਬਾਜ਼ਾਰ, ਦੇਹਲੀ ਗੇਟ ਅਤੇ ਮਾਲਦਾਸ ਸਟਰੀਟ ਦੇ ਬਾਜ਼ਾਰ ਬੰਦ ਰਹੇ। ਪੂਰੇ ਰਾਜਸਥਾਨ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਲਾਸ਼ ਅਜੇ ਵੀ ਦੁਕਾਨ ਦੇ ਬਾਹਰ ਪਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।
ਦਰਅਸਲ ਕਨ੍ਹਈਆਲਾਲ ਤੇਲੀ (40) ਦੀ ਧਨਮੰਡੀ ਸਥਿਤ ਭੂਤਮਾਹਲ ਨੇੜੇ ਸੁਪਰੀਮ ਟੇਲਰਜ਼ ਨਾਂ ਦੀ ਦੁਕਾਨ ਹੈ। ਮੰਗਲਵਾਰ ਦੁਪਹਿਰ ਕਰੀਬ 2.30 ਵਜੇ ਬਾਈਕ 'ਤੇ ਸਵਾਰ ਦੋ ਬਦਮਾਸ਼ ਆਏ। ਕੱਪੜੇ ਦਾ ਸਾਈਜ਼ ਦੇਣ ਦੇ ਬਹਾਨੇ ਦੁਕਾਨ ਅੰਦਰ ਦਾਖ਼ਲ ਹੋਏ। ਜਦੋਂ ਤੱਕ ਕਨ੍ਹਈਆਲਾਲ ਕੁਝ ਸਮਝ ਪਾਉਂਦੇ, ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਉਸ 'ਤੇ ਤਲਵਾਰ ਨਾਲ ਕਈ ਵਾਰ ਕੀਤੇ ਗਏ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਧਨਮੰਡੀ ਸਮੇਤ ਘੰਟਾਘਰ ਅਤੇ ਸੂਰਜਪੋਲ ਥਾਣਿਆਂ ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਪੁਲਿਸ ਦੇ ਉੱਚ ਅਧਿਕਾਰੀ ਅਤੇ ਐਫਐਸਐਲ ਟੀਮ ਮੌਕੇ 'ਤੇ ਮੌਜੂਦ ਹੈ। ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਘਟਨਾ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਗੁਲਾਬਚੰਦ ਕਟਾਰੀਆ ਨੇ ਵੀ ਐਸਪੀ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਜਲਦੀ ਫੜਿਆ ਜਾਵੇ।
ਕਨ੍ਹਈਆਲਾਲ ਗੋਵਰਧਨ ਵਿਲਾਸ ਇਲਾਕੇ ਦਾ ਰਹਿਣ ਵਾਲਾ ਸੀ। ਉਨ੍ਹਾਂ ਦੇ 2 ਬੇਟੇ ਯਸ਼ (19) ਅਤੇ ਤਰੁਣ (17) ਹਨ। 10 ਦਿਨ ਪਹਿਲਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਭਾਜਪਾ ਤੋਂ ਹਟਾਏ ਗਏ ਨੂਪੁਰ ਸ਼ਰਮਾ ਦੇ ਹੱਕ 'ਚ ਪੋਸਟ ਕੀਤੀ ਸੀ। ਉਦੋਂ ਤੋਂ ਹੀ ਇਕ ਖਾਸ ਭਾਈਚਾਰੇ ਦੇ ਲੋਕ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ।
ਕਨ੍ਹਈਆਲਾਲ ਲਗਾਤਾਰ ਧਮਕੀਆਂ ਤੋਂ ਪ੍ਰੇਸ਼ਾਨ ਸੀ। ਉਸ ਨੇ 6 ਦਿਨਾਂ ਤੋਂ ਆਪਣੀ ਦੁਕਾਨ ਵੀ ਨਹੀਂ ਖੋਲ੍ਹੀ ਸੀ। ਉਸ ਨੇ ਧਮਕੀਆਂ ਦੇਣ ਵਾਲਿਆਂ ਖਿਲਾਫ ਨਾਮਜਦ ਰਿਪੋਰਟ ਦਰਜ ਕਰਵਾਈ ਸੀ। ਪੁਲੀਸ ਨੇ ਉਸ ਨੂੰ ਕੁਝ ਦਿਨ ਸਾਵਧਾਨ ਰਹਿਣ ਲਈ ਕਿਹਾ, ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵਿੱਚ ਗੰਭੀਰਤਾ ਨਹੀਂ ਦਿਖਾਈ।