ਮੁੰਬਈ- ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਜੀਓ ਇਨਫੋਕਾਮ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। Jio Infocomm ਮੁੱਖ ਕੰਪਨੀ Jio ਪਲੇਟਫਾਰਮ ਦੀ ਸਹਾਇਕ ਕੰਪਨੀ ਹੈ। ਇਸ ਤੋਂ ਬਾਅਦ ਹੁਣ ਉਨ੍ਹਾਂ ਦੇ ਬੇਟੇ ਆਕਾਸ਼ ਅੰਬਾਨੀ (Akash Ambani) ਨੂੰ ਜੀਓ ਇਨਫੋਕਾਮ ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ।
ਕੰਪਨੀ ਦੇ ਬੋਰਡ ਨੇ ਆਕਾਸ਼ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੋਰਡ ਆਫ ਡਾਇਰੈਕਟਰਜ਼ ਦੀ 27 ਜੂਨ ਨੂੰ ਹੋਈ ਮੀਟਿੰਗ ਵਿਚ ਉਨ੍ਹਾਂ ਦੇ ਨਾਂ ’ਤੇ ਮੋਹਰ ਲੱਗੀ। ਇਸ ਤੋਂ ਪਹਿਲਾਂ ਆਕਾਸ਼ ਅੰਬਾਨੀ ਬੋਰਡ 'ਚ ਗੈਰ-ਕਾਰਜਕਾਰੀ ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰ ਰਹੇ ਸਨ। ਕੰਪਨੀ ਵੱਲੋਂ ਮੰਗਲਵਾਰ ਨੂੰ ਸਟਾਕ ਐਕਸਚੇਂਜ 'ਚ ਕੀਤੀ ਗਈ ਫਾਈਲਿੰਗ 'ਚ ਇਹ ਗੱਲ ਸਾਹਮਣੇ ਆਈ ਹੈ।
ਬ੍ਰਾਊਨ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿਚ ਗ੍ਰੈਜੂਏਟ ਆਕਾਸ਼ ਅੰਬਾਨੀ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਮੁਕੇਸ਼ ਅੰਬਾਨੀ ਕੰਪਨੀ ਦੀ ਪ੍ਰਧਾਨਗੀ ਦੇਖ ਰਹੇ ਸਨ। ਬੋਰਡ ਨੇ ਚੇਅਰਮੈਨ ਦੇ ਅਹੁਦੇ ਤੋਂ ਮੁਕੇਸ਼ ਅੰਬਾਨੀ (Mukesh Ambani) ਦਾ ਅਸਤੀਫ਼ਾ ਵੀ ਸਵੀਕਾਰ ਕਰ ਲਿਆ ਹੈ। ਇਸ ਨਿਯੁਕਤੀ ਨੂੰ ਨਵੀਂ ਪੀੜ੍ਹੀ ਨੂੰ ਅਗਵਾਈ ਸੌਂਪਣ ਵਜੋਂ ਦੇਖਿਆ ਜਾ ਰਿਹਾ ਹੈ। ਮੁਕੇਸ਼ ਅੰਬਾਨੀ ਜੀਓ ਪਲੇਟਫਾਰਮਸ ਲਿਮਟਿਡ ਦੇ ਚੇਅਰਮੈਨ ਬਣੇ ਰਹਿਣਗੇ।