ਨਵੀਂ ਦਿੱਲੀ : ਭਾਰਤੀ ਫੌਜ ਨੇ 'ਅਗਨੀਪਥ ਯੋਜਨਾ' ਤਹਿਤ ਅਗਨੀਵੀਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅਗਨੀਵੀਰ ਭਰਤੀ ਰੈਲੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਵੇਗੀ। ਭਾਰਤੀ ਫੌਜ ਜਲਦੀ ਹੀ ਰੈਲੀ ਦੀ ਭਰਤੀ ਬਾਰੇ ਪੂਰੀ ਜਾਣਕਾਰੀ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਅਪਲੋਡ ਕਰੇਗੀ।
ਅਗਨੀਵੀਰ ਵਜੋਂ ਭਰਤੀ ਲਈ ਯੋਗਤਾ ਦੇ ਮਾਪਦੰਡਾਂ ਦਾ ਜ਼ਿਕਰ ਭਾਰਤੀ ਫੌਜ ਦੀ ਭਰਤੀ ਵੈੱਬਸਾਈਟ (https://joinindianarmy.nic.in/index.htm) 'ਤੇ ਕੀਤਾ ਗਿਆ ਹੈ। ਇਸ ਅਨੁਸਾਰ, ਅਗਨੀਵੀਰਾਂ ਨੂੰ ਜਨਰਲ ਡਿਊਟੀ, ਟੈਕਨੀਕਲ, ਐਵੀਏਸ਼ਨ ਅਤੇ ਅਸਲਾ ਪ੍ਰੀਖਿਅਕ, ਅਗਨੀਵੀਰ ਕਲਰਕ/ਸਟੋਰ ਕੀਪਰ, ਅਗਨੀਵੀਰ ਟਰੇਡਸਮੈਨ ਦੀਆਂ ਅਸਾਮੀਆਂ ਲਈ ਭਰਤੀ ਕੀਤਾ ਜਾਵੇਗਾ।
ਇਨ੍ਹਾਂ ਸਾਰਿਆਂ ਦੀ ਉਮਰ ਸੀਮਾ 17.5 ਸਾਲ ਤੋਂ 23 ਸਾਲ ਤੱਕ ਹੋਵੇਗੀ। ਇਸ ਵਿੱਚ ਦੱਸਿਆ ਗਿਆ ਹੈ ਕਿ 2022-23 ਲਈ ਵੱਧ ਤੋਂ ਵੱਧ ਉਮਰ ਸੀਮਾ ਵਿੱਚ 2 ਸਾਲ ਦੀ ਛੋਟ ਹੈ। ਇਹ ਛੋਟ ਇਸ ਸਾਲ ਸਿਰਫ਼ ਇੱਕ ਵਾਰ ਹੀ ਮਿਲੇਗੀ।