ਨਵੀਂ ਦਿੱਲੀ : ਫੌਜ ਵਿਚ ਭਰਤੀ ਲਈ ਕੇਂਦਰ ਸਰਕਾਰ ਦੀ ਨਵੀਂ ਯੋਜਨਾ ਅਗਨੀਪਥ ਨੂੰ ਲੈ ਕੇ ਦੇਸ਼ ਵਿਚ ਕਈ ਥਾਵਾਂ ‘ਤੇ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਵੀ ਅਗਨੀਪਥ ਯੋਜਨਾ ਦਾ ਵਿਰੋਧ ਕੀਤਾ ਹੈ।
ਹਰਿਦੁਆਰ ਕਿਸਾਨ ਕੁੰਭ ਵਿਚ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ ਕਿ ਇਹ ਯੋਜਨਾ ਕਿਸਾਨ ਦੇ ਬੱਚਿਆਂ ਦੇ ਹਿੱਤ ਵਿਚ ਨਹੀਂ ਹੈ।ਕਿਸਾਨਾਂ ਦੇ ਬੱਚਿਆਂ ਲਈ ਇਸ ਯੋਜਨਾ ਦਾ ਵਿਰੋਧ ਹੋਵੇਗਾ ਤੇ ਇਸ ਖਿਲਾਫ ਵੱਡਾ ਅੰਦੋਲਨ ਦੇਸ਼ ਵਿਚ ਕੀਤਾ ਜਾਵੇਗਾ।
ਟਿਕੈਤ ਨੇ ਕਿਹਾ ਕਿ ਹੁਣ ਤੱਕ ਨੌਜਵਾਨਾਂ ਨੂੰ ਫੌਜ ਵਿਚ ਘੱਟ ਤੋਂ ਘੱਟ 15 ਸਾਲ ਦੀ ਨੌਕਰੀ ਤੇ ਪੈਨਸ਼ਨ ਮਿਲ ਰਹੀ ਸੀ ਪਰ ਹੁਣ 4 ਸਾਲ ਦੀ ਨੌਕਰੀ ਦੇ ਬਾਅਦ ਬਿਨਾਂ ਪੈਨਸ਼ਨ ਨੌਜਵਾਨ ਘਰ ਆਏਗਾ ਤਾਂ ਉਸ ਦਾ ਅੱਗੇ ਦਾ ਭਵਿੱਖ ਕੀ ਹੋਵੇਗਾ। ਟਿਕੈਤ ਨੇ ਕਿਹਾ ਕਿ ਫਿਰ ਤਾਂ ਵਿਧਾਇਕ ਸਾਂਸਦ ਲਈ ਸਿਰਫ ਇੱਕ ਵਾਰ ਚੋਣ ਲੜਨ ਦਾ ਕਾਨੂੰਨ ਬਣਨਾ ਚਾਹੀਦਾ।
ਉਨ੍ਹਾਂ ਸਵਾਲ ਕੀਤਾ ਕਿ ਵਿਧਾਇਕ ਜਾਂ ਸਾਂਸਦ 90 ਸਾਲ ਦੀ ਉਮਰ ਤੱਕ ਚੋਣ ਲੜ ਸਕਦੇ ਹਨ ਤੇ ਪੈਨਸ਼ਨ ਲੈ ਸਕਦੇ ਹਨ ਪਰ ਨੌਜਵਾਨ ਸਿਰਫ 4 ਸਾਲ ਨੌਕਰੀ ਕਰਕੇ ਘਰ ਜਾ ਕੇ ਬੈਠ ਜਾਣ। ਇਹ ਨਹੀਂ ਚੱਲੇਗਾ। ਭਾਕਿਯੂ ਅਗਨੀਪਥ ਯੋਜਨਾ ਖਿਲਾਫ ਅੰਦੋਲਨ ਕਰੇਗੀ।