Friday, November 22, 2024
 

ਜੰਮੂ ਕਸ਼ਮੀਰ

BJP ਵੱਲੋਂ ਪੰਡਿਤਾਂ ਤੇ ਹੋਰਾਂ ਨੂੰ ਕਸ਼ਮੀਰ ਨਾ ਛੱਡਣ ਦੀ ਅਪੀਲ

June 06, 2022 08:54 AM

ਜੰਮੂ : ਕਸ਼ਮੀਰ ’ਚੋਂ ਤਬਾਦਲਿਆਂ ਦੀ ਮੰਗ ਕਰ ਰਹੇ ਪੰਡਿਤ ਤੇ ਡੋਗਰਾ ਮੁਲਾਜ਼ਮਾਂ ਨੂੰ ਭਾਜਪਾ ਨੇ ਅੱਜ ਵਾਦੀ ਵਿਚ ਰੁਕਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਕਿਹਾ ਹੈ ਕਿ ਸਰਕਾਰ ‘ਪਾਕਿਸਤਾਨੀ ਸਾਜ਼ਿਸ਼’ ਨੂੰ ਹਰਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਕਸ਼ਮੀਰ ਵਿਚ ਮਿੱਥ ਕੇ ਹੱਤਿਆਵਾਂ ਕੀਤੀਆਂ ਗਈਆਂ ਹਨ ਤੇ ਘੱਟਗਿਣਤੀਆਂ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਹੈ।

ਜੰਮੂ ਕਸ਼ਮੀਰ ਨੂੰ ‘ਮੁਲਕ ਦਾ ਤਾਜ’ ਦੱਸਦਿਆਂ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਭਾਜਪਾ ਇਕਾਈ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਕਿਹਾ, ‘ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਸਾਨੂੰ ਇਕਜੁੱਟ ਹੋਣਾ ਪਵੇਗਾ, ਜੋ ਵਾਦੀ ਵਿਚ ਮਿੱਥ ਤੇ ਚੁਣ ਕੇ ਹੱਤਿਆਵਾਂ ਕਰਨ ਲਈ ਅਤਿਵਾਦੀਆਂ ਨੂੰ ਮਦਦ ਦੇ ਰਿਹਾ ਹੈ।

ਇਸ ਦਾ ਮੰਤਵ ਕਸ਼ਮੀਰ ਵਿਚੋਂ ਘੱਟਗਿਣਤੀਆਂ ਤੇ ਰਾਸ਼ਟਰਵਾਦੀ ਮੁਸਲਿਮ ਭਾਈਚਾਰੇ ਨੂੰ ਜਾਣ ਲਈ ਮਜਬੂਰ ਕਰਨਾ ਹੈ।’ ਰੈਨਾ ਨੇ ਕਿਹਾ, ਅਸੀਂ 32 ਸਾਲਾਂ ਤੋਂ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਤਿਵਾਦ ਨਾਲ ਲੜ ਰਹੇ ਹਾਂ ਤੇ ਸਾਡੀ ਫ਼ੌਜ, ਪੁਲਿਸ ਤੇ ਨੀਮ ਫ਼ੌਜੀ ਬਲਾਂ ਨੇ ਹਜ਼ਾਰਾਂ ਅਤਿਵਾਦੀਆਂ ਨੂੰ ਖ਼ਤਮ ਕਰ ਕੇ ਮੂੰਹ-ਤੋੜ ਜਵਾਬ ਵੀ ਦਿੱਤਾ ਹੈ। ਗੁਆਂਢੀ ਮੁਲਕ ਦੇ ਸ਼ੈਤਾਨੀ ਭਰੇ ਇਰਾਦਿਆਂ ਨੂੰ ਨਾਕਾਮ ਕੀਤਾ ਗਿਆ ਹੈ।’

ਰੈਨਾ ਨੇ ਇੱਥੇ ਪਾਰਟੀ ਦਫ਼ਤਰ ਵਿਚ ਕਸ਼ਮੀਰੀ ਪੰਡਿਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦ 1990 ਵਿਚ ਵਾਦੀ ’ਚ ਅਤਿਵਾਦ ਸ਼ੁਰੂ ਹੋਇਆ ਸੀ, ਉਸ ਵੇਲੇ ਪਾਕਿਸਤਾਨ ਦੀ ਯੋਜਨਾ ਕਸ਼ਮੀਰ ਵਿਚੋਂ ‘ਰਾਸ਼ਟਰਵਾਦੀ ਤਾਕਤਾਂ’ ਨੂੰ ਨਿਕਲਣ ਲਈ ਮਜਬੂਰ ਕਰਨ ਦੀ ਸੀ, ਤੇ ਇਸ ਲਈ ਕਸ਼ਮੀਰੀ ਪੰਡਿਤਾਂ ਤੇ ਰਾਸ਼ਟਰਵਾਦੀ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਭਾਜਪਾ ਪ੍ਰਧਾਨ ਨੇ ਦਾਅਵਾ ਕੀਤਾ, ‘ਸਾਡੇ ਲੋਕ ਬਹਾਦਰੀ ਨਾਲ ਲੜੇ ਹਨ...ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੀ ਅਗਵਾਈ ਵਾਲੀ ਸਰਕਾਰ ਨੇ ਫ਼ੌਜ, ਪੁਲੀਸ ਤੇ ਨੀਮ ਫ਼ੌਜੀ ਬਲਾਂ ਨੂੰ ਵੀ ਪੂਰੀ ਖੁੱਲ੍ਹ ਦਿੱਤੀ ਹੈ, ਤੇ ਵਾਦੀ ਵਿਚ ਸੁਰੱਖਿਆ ਦੀ ਸਥਿਤੀ ਵਿਚ ਸੁਧਾਰ ਆਇਆ ਹੈ।’

ਉਨ੍ਹਾਂ ਕਿਹਾ ਕਿ ਹੁਰੀਅਤ ਦੀ ਸ਼ਹਿ ਪ੍ਰਾਪਤ ਹਮਲਿਆਂ ਤੇ ਪੱਥਰਬਾਜ਼ੀ ਦਾ ਖ਼ਤਮ ਹੋਣਾ ਇਸ ਦਾ ਸਬੂਤ ਹੈ। ਰੈਨਾ ਨੇ ਦੋਸ਼ ਲਾਇਆ ਕਿ ਪਾਕਿਸਤਾਨ ਨੇ ਵਾਦੀ ਵਿਚ ਸ਼ਾਂਤੀਪੂਰਨ ਮਾਹੌਲ ਦੇਖ ਕੇ ਅਤਿਵਾਦੀ ਸੰਗਠਨਾਂ ਨਾਲ ਰਲ ਕੇ ਸਾਜ਼ਿਸ਼ ਘੜੀ ਹੈ ਤੇ ਕਸ਼ਮੀਰ ਨੂੰ ਲਹੂ-ਲੁਹਾਨ ਕੀਤਾ ਜਾ ਰਿਹਾ ਹੈ। ਭਾਜਪਾ ਆਗੂ ਨੇ ਕਿਹਾ ਕਿ ਪਾਕਿਸਤਾਨ (Pakistan) ਨੇ ਹੀ ਮਿੱਥ ਕੇ ਹੱਤਿਆਵਾਂ ਦੀ ਰਣਨੀਤੀ ਬਣਾਈ ਹੈ ਤਾਂ ਕਿ ਲੋਕਾਂ ਵਿਚ ਡਰ ਪੈਦਾ ਕਰ ਕੇ ਉਨ੍ਹਾਂ ਨੂੰ ਵਾਦੀ ਵਿਚੋਂ ਜਾਣ ਲਈ ਮਜਬੂਰ ਕੀਤਾ ਜਾ ਸਕੇ।

ਰੈਨਾ ਨੇ ਕਿਹਾ, ‘ਅਸੀਂ ਸਾਰੇ ਰਾਸ਼ਟਰਵਾਦੀਆਂ, ਜਿਨ੍ਹਾਂ ਵਿਚ ਪੰਡਿਤ, ਡੋਗਰੇ ਤੇ ਦੇਸ਼ ਦੇ ਕਈ ਹੋਰਨਾਂ ਹਿੱਸਿਆਂ ਤੋਂ ਕਸ਼ਮੀਰ ਆਏ ਲੋਕ ਸ਼ਾਮਲ ਹਨ, ਨੂੰ ਅਪੀਲ ਕਰਦੇ ਹਾਂ ਕਿ ਉਹ ਉੱਥੇ ਰੁਕਣ ਤਾਂ ਕਿ ਅਸੀਂ ਮਿਲ ਕੇ ਦੁਸ਼ਮਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਸਕੀਏ।’ ਭਾਜਪਾ ਆਗੂ (BJP Leader) ਨੇ ਨਾਲ ਹੀ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਮੁਲਾਜ਼ਮਾਂ ਦੇ ਸੁਰੱਖਿਅਤ ਥਾਵਾਂ ’ਤੇ ਤਬਾਦਲਿਆਂ ਦਾ ਐਲਾਨ ਕਰ ਦਿੱਤਾ ਹੈ ਤੇ ਉਨ੍ਹਾਂ ਨੂੰ ਢੁੱਕਵੀਂ ਸੁਰੱਖਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ।

 

Have something to say? Post your comment

 

ਹੋਰ ਜੰਮੂ ਕਸ਼ਮੀਰ ਖ਼ਬਰਾਂ

 
 
 
 
Subscribe