ਕੀਵ : ਰੂਸ ਅਤੇ ਯੂਕਰੇਨ ਵਿਚਾਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਜੰਗ ਚੱਲ ਰਹੀ ਹੈ। ਹੁਣ ਰੂਸ ਨੇ ਗੋਲਾ-ਬਾਰੂਦ ਦੇ ਨਾਲ-ਨਾਲ ਸਾਈਬਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਬੁੱਧਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਮਾਈਕਰੋਸਾਫਟ ਕੰਪਨੀ ਨੇ ਕਿਹਾ ਕਿ ਰੂਸੀ ਸਰਕਾਰ-ਸਮਰਥਿਤ ਹੈਕਰਾਂ ਨੇ ਪਿਛਲੇ ਕੁਝ ਸਮੇਂ ਵਿੱਚ ਯੂਕਰੇਨ ਵਿੱਚ ਦਰਜਨਾਂ ਸੰਗਠਨਾਂ 'ਤੇ ਸਾਈਬਰ ਅਟੈਕ ਕੀਤੇ ਅਤੇ ਉਨ੍ਹਾਂ ਦੇ ਡੇਟਾ ਨੂੰ ਨਸ਼ਟ ਕੀਤਾ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਗਭਗ ਅੱਧੇ ਹਮਲੇ ਨਾਜ਼ੁਕ ਬੁਨਿਆਦੀ ਢਾਂਚੇ 'ਤੇ ਸੀ ਅਤੇ ਅਜਿਹੇ ਕਈ ਹਮਲੇ ਬੰਬਾਰੀ ਦੇ ਨਾਲ ਹੀ ਕੀਤੇ ਗਏ। ਮਾਈਕ੍ਰੋਸਾਫਟ ਨੇ ਕਿਹਾ ਕਿ ਰੂਸ ਨਾਲ ਜੁੜੇ ਗਰੁੱਪ ਮਾਰਚ 2021 ਤੋਂ ਹਮਲੇ ਦੀ ਤਿਆਰੀ ਕਰ ਰਹੇ ਸੀ ਤਾਂ ਜੋ ਉਹ ਰਣਨੀਤਕ ਅਤੇ ਯੁੱਧ ਖੇਤਰ ਦੀ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਨੈਟਵਰਕ ਨੂੰ ਹੈਕ ਕਰ ਸਕਣ ਅਤੇ ਭਵਿੱਖ ਵਿੱਚ ਇਸਦੀ ਵਰਤੋਂ ਕਰ ਸਕਣ। ਰਿਪੋਰਟ ਮੁਤਾਬਕ ਯੁੱਧ ਦੌਰਾਨ ਹੈਕਰਾਂ ਨੇ ਭਰੋਸੇਯੋਗ ਜਾਣਕਾਰੀ ਅਤੇ ਮਹੱਤਵਪੂਰਨ ਸੇਵਾਵਾਂ ਤੱਕ ਨਾਗਰਿਕਾਂ ਦੀ ਪਹੁੰਚ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਇਲਾਵਾ ਯੂਕਰੇਨ 'ਚ ਚੱਲ ਰਹੀ ਜੰਗ ਵਿਚਾਲੇ ਰੂਸ ਨੇ ਬੁੱਧਵਾਰ ਨੂੰ ਦੋ ਨਾਟੋ ਮੈਂਬਰ ਦੇਸ਼ਾਂ ਬੁਲਗਾਰੀਆ ਅਤੇ ਪੋਲੈਂਡ ਨੂੰ ਗੈਸ ਸਪਲਾਈ ਰੋਕ ਕੇ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਰੂਸ ਨੇ ਤਾਜ਼ਾ ਚੇਤਾਵਨੀ ਵਿੱਚ ਕਿਹਾ ਹੈ ਕਿ ਉਹ ਯੂਰਪੀ ਸੰਘ ਦੇ ਹੋਰ ਦੇਸ਼ਾਂ ਨੂੰ ਵੀ ਗੈਸ ਦੀ ਸਪਲਾਈ ਰੋਕ ਸਕਦਾ ਹੈ। ਇਸ ਦੇ ਨਾਲ ਹੀ ਯੂਰਪੀ ਸੰਘ ਦੇ 27 ਮੈਂਬਰੀ ਦੇਸ਼ਾਂ ਦੀ ਚਿੰਤਾ ਵਧ ਗਈ ਹੈ।