ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖ ਭਾਈਚਾਰੇ ਨਾਲ ਲਗਾਅ ਉਹਨਾਂ ਦੀ ਦੇਸ਼ ਭਗਤੀ ਕਾਰਨ ਹੈ ਨਾ ਕਿ ਸਿਆਸਤ ਤੋਂ ਪ੍ਰੇਰਿਤ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਕਾਰਨ ਦੂਜੇ ਦੇਸ਼ਾਂ ਵਿਚ ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਹੁਣ ਭਾਰਤ ਵਿਚ ਕਾਨੂੰਨੀ ਪਛਾਣ ਮਿਲ ਸਕਦੀ ਹੈ। ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਕੌਮ ਦੀਆਂ ਕਈ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕੀਤਾ ਹੈ ਅਤੇ ਉਹ ਸਿੱਖਾਂ ਅਤੇ ਸਿੱਖ ਧਰਮ ਦੀ ਡੂੰਘੀ ਸਮਝ ਰੱਖਦੇ ਹਨ ਅਤੇ ਦੇਸ਼ ਲਈ ਉਹਨਾਂ ਦੀ ਕੁਰਬਾਨੀ ਅਤੇ ਦਲੇਰੀ ਦਾ ਵੀ ਸਤਿਕਾਰ ਕਰਦੇ ਹਨ।
ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਇਕ ਕਿਤਾਬ ਦੇ ਰਿਲੀਜ਼ ਮੌਕੇ ਨੱਢਾ ਨੇ ਸਿੱਖਾਂ ਦੀਆਂ ਕਈ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਉਹਨਾਂ ਮੰਗਾਂ ਨੂੰ ਪੂਰਾ ਕੀਤਾ ਹੈ। ਇਹਨਾਂ ਵਿਚ ਭਾਈਚਾਰੇ ਦੇ ਕਈ ਮੈਂਬਰਾਂ ਨੂੰ ਕਾਲੀ ਸੂਚੀ ਵਿਚੋਂ ਕੱਢਣ ਦੀ ਮੰਗ ਵੀ ਸ਼ਾਮਲ ਹੈ।
ਜੇਪੀ ਨੱਢਾ ਨੇ ਪਾਰਟੀ ਸੰਗਠਨ ਲਈ ਮੋਦੀ ਨਾਲ ਕੰਮ ਕਰਨ ਵਾਲੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਜਦੋਂ ਮੋਦੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਪਾਰਟੀ ਮਾਮਲਿਆਂ ਦੇ ਇੰਚਾਰਜ ਸਨ। ਭਾਜਪਾ ਪ੍ਰਧਾਨ ਨੇ ਕਿਹਾ, ''ਮੋਦੀ ਦਾ ਸਿੱਖਾਂ ਨਾਲ ਲਗਾਅ ਸਿਆਸੀ ਨਹੀਂ ਹੈ, ਸਗੋਂ ਉਸ ਦੀ ਦੇਸ਼ ਭਗਤੀ ਅਤੇ ਦੇਸ਼ ਅਤੇ ਇਸ ਦੇ ਲੋਕਾਂ ਲਈ ਸਿੱਖਾਂ ਦੀ ਕੁਰਬਾਨੀ ਕਾਰਨ ਹੈ”।
ਉਹਨਾਂ ਕਿਹਾ ਕਿ ਕੁਝ ਲੋਕਾਂ ਨੇ ਸੀਏਏ ਕਾਨੂੰਨ ਨੂੰ ਲੈ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੁਝ ਨੇਤਾਵਾਂ ਨੇ ਇਸ ਬਾਰੇ ਕਾਫੀ ਰੌਲਾ ਵੀ ਪਾਇਆ।
ਭਾਜਪਾ ਪ੍ਰਧਾਨ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਸਿਆਸੀ ਹੰਗਾਮਾ ਕਰਨ ਵਾਲੇ ਨੇਤਾ ਰਾਸ਼ਟਰੀ ਮਹੱਤਵ ਦੇ ਮੁੱਦਿਆਂ ਨੂੰ ਨਹੀਂ ਸਮਝਦੇ। ਕੀ ਉਹ ਜਾਣਦੇ ਹਨ ਕਿ ਅਫਗਾਨਿਸਤਾਨ ਵਿਚ ਕਿਸੇ ਸਮੇਂ 50 ਹਜ਼ਾਰ ਤੋਂ ਵੱਧ ਸਿੱਖ ਪਰਿਵਾਰ ਸਨ ਜੋ ਹੁਣ 2000 ਹੋ ਗਏ ਹਨ। ਉਹ ਸਿੱਖ ਭਰਾ ਕਿੱਥੇ ਜਾਣਗੇ? ਭਾਰਤ ਆਏ ਸਿੱਖ ਭਰਾ ਕੀ ਕਰਨਗੇ?
ਨੱਢਾ ਨੇ ਕਿਹਾ ਕਿ ਅਜਿਹੇ ਸਿੱਖ ਭਰਾ ਸੀਏਏ ਕਾਰਨ ਆਪਣੀ ਸਹੀ ਕਾਨੂੰਨੀ ਪਛਾਣ ਹਾਸਲ ਕਰ ਸਕੇ ਹਨ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਤੋਂ ਆ ਕੇ ਜੰਮੂ-ਕਸ਼ਮੀਰ ਵਿਚ ਵਸਣ ਵਾਲੇ ਸਿੱਖਾਂ ਨੂੰ ਧਾਰਾ 370 ਖਤਮ ਹੋਣ ਤੋਂ ਬਾਅਦ ਉਹਨਾਂ ਦਾ ਬਣਦਾ ਕਾਨੂੰਨੀ ਦਰਜਾ ਮਿਲਿਆ ਹੈ।