Saturday, November 23, 2024
 

ਹਰਿਆਣਾ

ਦੀਪ ਸਿੱਧੂ ਦੀ ਮੌਤ ਲਈ ਮੈਂ ਜ਼ਿੰਮੇਵਾਰ ਹਾਂ : ਟਰੱਕ ਡਰਾਈਵਰ ਕਾਸਿਮ

February 18, 2022 08:49 AM

ਕਿਹਾ, ਮੈਂ ਲਾਪਰਵਾਹੀ ਕੀਤੀ ਸੀ


ਸੋਨੀਪਤ :
ਦੋ ਦਿਨ ਪਹਿਲਾਂ ਕੁੰਡਲੀ-ਮਾਨੇਸਰ-ਪਲਵਲ (ਕੇ.ਐੱਮ.ਪੀ.) ਐਕਸਪ੍ਰੈੱਸ ਵੇਅ 'ਤੇ ਹੋਏ ਹਾਦਸੇ 'ਚ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੌਤ 'ਤੇ ਟਰੱਕ ਚਾਲਕ ਕਾਸਿਮ ਖਾਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਸੋਨੀਪਤ ਦੇ ਖਰਖੋਦਾ ਥਾਣੇ ਦੀ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਦਾ ਜਵਾਬ ਸੀ ਕਿ 'ਉਸ ਤੋਂ ਗਲਤੀ ਹੋਈ ਹੈ।' ਫਿਲਹਾਲ ਕੋਈ ਨਵਾਂ ਖੁਲਾਸਾ ਹੋਣ ਤੱਕ ਪੁਲਿਸ ਦੀਪ ਸਿੱਧੂ ਦੀ ਮੌਤ ਲਈ ਡਰਾਈਵਰ ਕਾਸਿਮ ਨੂੰ ਜ਼ਿੰਮੇਵਾਰ ਮੰਨ ਕੇ ਹੀ ਮਾਮਲੇ ਦੀ ਕੜੀ ਜੋੜ ਕੇ ਅੱਗੇ ਵਧੇਗੀ। ਪੁਲਿਸ ਡਰਾਈਵਰ ਨੂੰ ਸ਼ੁੱਕਰਵਾਰ ਦੁਪਹਿਰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈਣ ਦੀ ਕੋਸ਼ਿਸ਼ ਕਰੇਗੀ।

ਦੱਸ ਦੇਈਏ ਕਿ ਪੰਜਾਬੀ ਅਭਿਨੇਤਾ ਅਤੇ ਲਾਲ ਕਿਲਾ ਹਿੰਸਾ ਦਾ ਦੋਸ਼ੀ ਦੀਪ ਸਿੱਧੂ 15 ਫਰਵਰੀ ਦੀ ਸ਼ਾਮ ਨੂੰ ਆਪਣੀ ਪ੍ਰੇਮਿਕਾ ਰੀਨਾ ਰਾਏ ਉਰਫ ਰਾਜਵਿੰਦਰ ਕੌਰ ਨਾਲ ਸਕਾਰਪੀਓ ਵਿੱਚ ਕੇਐਮਪੀ ਰਾਹੀਂ ਦਿੱਲੀ ਤੋਂ ਪੰਜਾਬ ਜਾ ਰਿਹਾ ਸੀ। ਸੋਨੀਪਤ ਦੇ ਖਰਖੌਦਾ 'ਚ ਪਿਪਲੀ ਟੋਲ ਨੇੜੇ ਉਸ ਦੀ ਕਾਰ ਟਰਾਲੀ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ 'ਚ ਦੀਪ ਦੀ ਮੌਤ ਹੋ ਗਈ, ਜਦਕਿ ਰੀਨਾ ਜ਼ਖਮੀ ਹੋ ਗਈ। ਹਾਦਸੇ ਤੋਂ ਬਾਅਦ ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਐਸਪੀ ਸੋਨੀਪਤ ਰਾਹੁਲ ਸ਼ਰਮਾ ਨੇ ਫਰਾਰ ਟਰਾਲੀ ਚਾਲਕ ਨੂੰ ਫੜਨ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਸੀ। ਖਰਖੌਦਾ ਪੁਲਿਸ ਨੇ ਵੀਰਵਾਰ ਸ਼ਾਮ ਫਰਾਰ ਡਰਾਈਵਰ ਕਾਸਿਮ ਖਾਨ ਵਾਸੀ ਪਿੰਡ ਸਿੰਗਾਰਾ, ਜ਼ਿਲਾ ਨੂਹ ਨੂੰ ਗ੍ਰਿਫਤਾਰ ਕਰ ਲਿਆ। ਖਰਖੌਦਾ ਥਾਣੇ ਦੇ ਐਸਐਚਓ ਜਸਪਾਲ ਸਿੰਘ ਨੇ ਦੱਸਿਆ ਕਿ ਕਾਸਿਮ ਖਾਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਨੇ ਮੰਨਿਆ ਕਿ ਉਸ ਨੇ ਅਚਾਨਕ ਟਰਾਲੀ ਦੀਆਂ ਬਰੇਕਾਂ ਲਗਾ ਦਿੱਤੀਆਂ ਸਨ, ਜਿਸ ਕਾਰਨ ਦੀਪ ਸਿੱਧੂ ਦੀ ਕਾਰ ਪਿੱਛੇ ਜਾ ਟਕਰਾਈ। ਹਾਦਸੇ ਤੋਂ ਬਾਅਦ ਉਹ ਬੁਰੀ ਤਰ੍ਹਾਂ ਡਰ ਗਿਆ ਅਤੇ ਮੌਕੇ ਤੋਂ ਭੱਜ ਗਿਆ।

ਫ਼ਰਾਰ ਡਰਾਈਵਰ ਕਾਸਿਮ ਖਾਨ ਨੂੰ ਅਗਲੇ ਦਿਨ ਪਤਾ ਲੱਗਾ ਕਿ ਉਸ ਦੀ ਕਾਰ ਨਾਲ ਟਕਰਾ ਕੇ ਜਿਸ ਨੌਜਵਾਨ ਦੀ ਮੌਤ ਹੋਈ ਹੈ, ਉਹ ਕੋਈ ਆਮ ਨੌਜਵਾਨ ਨਹੀਂ ਸੀ, ਜਦਕਿ ਪੰਜਾਬੀ ਫ਼ਿਲਮਾਂ ਦਾ ਮਸ਼ਹੂਰ ਅਦਾਕਾਰ ਦੀਪ ਸਿੱਧੂ ਸੀ। ਉਨ੍ਹਾਂ ਦੀ ਮੌਤ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ। ਉਸ ਨੇ ਦੱਸਿਆ ਕਿ ਉਹ ਗੁਜਰਾਤ ਦੇ ਅਹਿਮਦਾਬਾਦ ਤੋਂ ਟਰਾਲੀ ਵਿੱਚ ਕੋਲਾ ਲੱਦ ਕੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜਾ ਰਿਹਾ ਸੀ। ਰਸਤੇ 'ਚ ਕੇਐੱਮਪੀ 'ਤੇ ਹਾਦਸਾ ਹੋ ਗਿਆ। ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਕਿਸੇ ਅਣਹੋਣੀ ਦੇ ਡਰੋਂ ਉਹ ਮੌਕੇ ਤੋਂ ਭੱਜ ਗਿਆ।

ਥਾਣਾ ਖਰਖੌਦਾ ਦੇ ਇੰਚਾਰਜ ਜਸਪਾਲ ਨੇ ਦੱਸਿਆ ਕਿ ਕਾਸਿਮ ਨੇ ਟਰਾਲੀ ਚਲਾਉਂਦੇ ਸਮੇਂ ਲਾਪਰਵਾਹੀ ਵਰਤੀ ਹੈ। ਪੁਲਿਸ ਸ਼ੁੱਕਰਵਾਰ ਦੁਪਹਿਰ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਵੇਗੀ। ਹਾਦਸੇ ਸਬੰਧੀ ਦੀਪ ਸਿੱਧੂ ਦੇ ਭਰਾ ਮਨਦੀਪ ਦੀ ਸ਼ਿਕਾਇਤ ’ਤੇ ਟਰਾਲੀ ਚਾਲਕ ਖ਼ਿਲਾਫ਼ ਲਾਪਰਵਾਹੀ ਦਾ ਕੇਸ ਦਰਜ ਕਰ ਲਿਆ ਗਿਆ ਹੈ।

 

 

Have something to say? Post your comment

 
 
 
 
 
Subscribe