ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਦੋ ਦਿਨ ਪਹਿਲਾਂ ਗੈਂਗਸਟਰ ਕਪਿਲ ਉਰਫ਼ ਨੰਦੂ ਦੇ ਸਰਗਨੇ ਸ਼ਕੀਲ ਉਰਫ਼ ਸ਼ੇਰਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਸ਼ਕੀਲ ਕੋਲੋਂ 14 ਪਿਸਤੌਲ ਅਤੇ 38 ਕਾਰਤੂਸ ਬਰਾਮਦ ਕੀਤੇ ਸਨ। ਦਿੱਲੀ ਪੁਲਸ ਨੂੰ ਸ਼ਕੀਲ ਤੋਂ ਪੁੱਛਗਿੱਛ ਦੌਰਾਨ ਅਲੀਗੜ੍ਹ 'ਚ ਚੱਲ ਰਹੀ ਇਸ ਗੈਰ-ਕਾਨੂੰਨੀ ਹਥਿਆਰ ਫੈਕਟਰੀ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਦਿੱਲੀ ਪੁਲਿਸ ਦੇ ਸਪੈਸ਼ਲ ਸਟਾਫ ਦੀਆਂ ਦੋ ਟੀਮਾਂ ਤਿਆਰ ਕੀਤੀਆਂ ਗਈਆਂ ਅਤੇ ਫਿਰ ਅਲੀਗੜ੍ਹ 'ਚ ਛਾਪੇਮਾਰੀ ਕਰਕੇ ਇਸ ਗੈਰ-ਕਾਨੂੰਨੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ।
ਦਰਅਸਲ 26 ਜਨਵਰੀ ਤੋਂ ਪਹਿਲਾਂ ਵੱਡੀ ਕਾਰਵਾਈ ਕਰਦੇ ਹੋਏ ਦਿੱਲੀ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਪੁਲਿਸ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ, ਜਿੱਥੋਂ ਪੁਲਿਸ ਨੇ 10 ਦੇਸੀ ਪਿਸਤੌਲ, 9 ਅਣਪਛਾਤੇ ਹਥਿਆਰ ਅਤੇ ਭਾਰੀ ਮਾਤਰਾ 'ਚ ਹਥਿਆਰ ਬਣਾਉਣ ਦਾ ਸਾਮਾਨ ਵੀ ਬਰਾਮਦ ਕੀਤਾ ਹੈ।
ਦਿੱਲੀ ਪੁਲਿਸ ਮੁਤਾਬਕ ਛਾਪੇਮਾਰੀ ਦੌਰਾਨ ਉਨ੍ਹਾਂ ਨੇ ਇਸ ਗੈਰ-ਕਾਨੂੰਨੀ ਫੈਕਟਰੀ ਵਿੱਚੋਂ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਹੈ, ਜਿਸ ਦੀ ਪਛਾਣ ਅਲੀਗੜ੍ਹ ਦੇ ਰਹਿਣ ਵਾਲੇ ਰਵੀ ਵਜੋਂ ਹੋਈ ਹੈ। ਪੁਲੀਸ ਅਨੁਸਾਰ ਰਵੀ ਪਿਛਲੇ ਕਾਫੀ ਸਮੇਂ ਤੋਂ ਇੱਥੇ ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਚਲਾ ਰਿਹਾ ਸੀ।
ਗੈਂਗਸਟਰਾਂ ਨੂੰ ਕਰਦੇ ਸਨ ਹਥਿਆਰ ਸਪਲਾਈ
ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਇਸ ਫੈਕਟਰੀ 'ਚ ਇੱਕ ਸਾਲ ਦੇ ਅੰਦਰ 1000 ਤੋਂ ਵੱਧ ਦੇਸੀ ਪਿਸਤੌਲ ਅਤੇ ਹੋਰ ਹਥਿਆਰ ਬਣਾਏ ਗਏ ਸਨ, ਜਿਨ੍ਹਾਂ ਨੂੰ ਇਹ ਗਿਰੋਹ ਦਿੱਲੀ ਅਤੇ ਐੱਨਸੀਆਰ ਦੇ ਵੱਡੇ ਚੋਰਾਂ ਨੂੰ ਸਪਲਾਈ ਕਰਦਾ ਸੀ। ਇਹ ਹਥਿਆਰ 3 ਹਜ਼ਾਰ ਤੋਂ ਲੈ ਕੇ 10 ਹਜ਼ਾਰ ਤੱਕ ਦੀ ਕੀਮਤ ਵਿੱਚ ਵੇਚੇ ਜਾ ਰਹੇ ਸਨ। ਪੁਲਿਸ ਮੁਤਾਬਕ ਦਿੱਲੀ -ਐੱਨਸੀਆਰ ਵਿੱਚ ਫੜੇ ਜਾ ਰਹੇ ਬਦਮਾਸ਼ਾਂ ਕੋਲੋਂ ਆਧੁਨਿਕ ਹਥਿਆਰ ਲਗਾਤਾਰ ਮਿਲ ਰਹੇ ਹਨ, ਜੋ ਪੁਲਿਸ ਲਈ ਵੱਡੀ ਸਿਰਦਰਦੀ ਬਣ ਗਏ ਸਨ। ਇਸ ਨਜਾਇਜ਼ ਅਸਲਾ ਫੈਕਟਰੀ ਦਾ ਪਰਦਾਫਾਸ਼ ਕਰਨ ਨੂੰ ਪੁਲਿਸ ਵੱਡੀ ਕਾਮਯਾਬੀ ਵਜੋਂ ਦੇਖ ਰਹੀ ਹੈ।