ਨਵੀਂ ਦਿੱਲੀ : ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤੀਰਾਦਿੱਤਿਆ ਸਿੰਧੀਆ ਕੋਲ ਭਾਰਤੀ ਏਅਰਲਾਈਨਜ਼ ਦੀਆਂ ਸਾਰੀਆਂ ਉਡਾਣਾਂ ਤੇ ਦੇਸ਼ ਦੇ ਹਵਾਈ ਅੱਡਿਆਂ ’ਤੇ ਭਾਰਤੀ ਸੰਗੀਤ ਵਜਾਉਣਾ ਲਾਜ਼ਮੀ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਭਾਰਤੀ ਸੰਸਕ੍ਰਿਤੀ ਸਬੰਧ ਕੌਂਸਲ (ਆਈਸੀਸੀਆਰ) ਤੇ ਸੰਗੀਤਕਾਰਾਂ ਨੇ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਦੇਸ਼ ਦੀਆਂ ਰਵਾਇਤਾਂ ਨੂੰ ਬਲ ਮਿਲੇਗਾ ਤੇ ਲੋਕਾਂ ਨਾਲ ਭਾਵਨਾਤਮਕ ਜੁੜਾਅ ਵਧੇਗਾ।
ਇਸ ਸਬੰਧੀ ਆਈਸੀਸੀਆਰ ਦੇ ਮੁਖੀ ਵਿਨੈ ਸਹਸਤਰਬੁੱਧੇ ਤੇ ਹੋਰਨਾਂ ਵੱਲੋਂ ਕੇਂਦਰੀ ਮੰਤਰੀ ਸਿੰਧੀਆ ਨੂੰ ਵੀਰਵਾਰ ਨੂੰ ਇਕ ਪੱਤਰ ਸੌਂਪਿਆ ਗਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਭਾਰਤ ਦੀਆਂ ਏਅਰਲਾਈਨਾਂ ’ਚ ਅਤੇ ਏਅਰਪੋਰਟ ’ਤੇ ਭਾਰਤੀ ਸ਼ਾਸਤਰੀ ਸੰਗੀਤ ਜਾਂ ਸੁਗਮ ਸੰਗੀਤ ਜਾਂ ਸਾਜ਼ ਵਜਾਉਣ ਨਾਲ ਲੋਕਾਂ ਦਾ ਆਪਣੀ ਸੰਸਕ੍ਰਿਤੀ ਨਾਲ ਜੁੜਾਅ ਹੋਵੇਗਾ। ਸਹਸਤਰਬੁੱਧੇ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਨੇ ਇਸ ਸੁਝਾਅ ’ਤੇ ਵਿਚਾਰ ਕਰਨ ਨੂੰ ਲੈ ਕੇ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਮਨ ਦੀ ਗੱਲ ਆਪਣੇ ਸੁਝਾਅ ਦੇ ਰੂਪ ’ਚ ਉਨ੍ਹਾਂ ਦੇ ਸਾਹਮਣੇ ਰੱਖੀ ਹੈ। ਇਸ ਬੈਠਕ ’ਚ ਮਾਲਿਨੀ ਅਵਸਥੀ, ਵਾਸਿਫੁਦੀਨ ਡਾਗਰ, ਸੰਜੀਵ ਅਭਯੰਕਰ ਜਿਹੇ ਗਾਇਕ ਵੀ ਮੌਜੂਦ ਸਨ।