ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸੀਜ਼ਨ 'ਚ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਵੱਡਾ ਤੋਹਫਾ ਦਿੱਤਾ ਜਾ ਸਕਦਾ ਹੈ। ਦਰਅਸਲ ਰਿਜ਼ਰਵ ਬੈਂਕ ਦੇ ਮਾਨੀਟਰਿੰਗ ਪਾਲਸੀ ਕਮੇਟੀ(MPC) ਬੈਠਕ ਦੇ ਨਤੀਜੇ ਸ਼ੁੱਕਰਵਾਰ ਯਾਨੀ ਕਿ ਅੱਜ 4 ਅਕਤੂਬਰ ਨੂੰ ਆਉਣ ਵਾਲੇ ਹਨ। ਅਜਿਹੀ ਉਮੀਦ ਹੈ ਕਿ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਇਹ ਕਮੇਟੀ ਸੁਸਤ ਪਈ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਰੈਪੋ ਰੇਟ 'ਚ ਇਕ ਹੋਰ ਕਟੌਤੀ ਕਰ ਸਕਦੀ ਹੈ। ਇਸ ਤੋਂ ਪਹਿਲਾਂ ਵਿੱਤੀ ਮੰਤਰੀ ਵਲੋਂ ਕਾਰਪੋਰੇਟ ਟੈਕਸ ਦੀ ਦਰ 'ਚ ਵੀ ਵੱਡੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ 'ਤੇ ਲਗਾਇਆ ਗਿਆ ਵੱਡਾ ਚਾਰਜ ਸਰਕਾਰ ਵਲੋਂ ਵਾਪਸ ਲੈ ਲਿਆ ਗਿਆ ਹੈ। ਅਗਸਤ 'ਚ ਕੀਤੀ ਗਈ 0.35 ਫੀਸਦੀ ਦੀ ਕਟੌਤੀ ਦੇ ਬਾਅਦ ਰੈਪੋ ਦਰ ਇਸ ਸਮੇਂ 5.40 ਫੀਸਦੀ ਹੈ। MPC ਦੀ 6 ਮੈਂਬਰੀ ਕਮੇਟੀ ਦੀ ਤਿੰਨ ਦਿਨ ਦੀ ਬੈਠਕ 1 ਅਕਤੂਬਰ ਨੂੰ ਸ਼ੁਰੂ ਹੋ ਗਈ ਸੀ। 2 ਅਕਤਬੂਰ ਨੂੰ ਗਾਂਧੀ ਜੈਯੰਤੀ ਦੀ ਛੁੱਟੀ ਸੀ। ਵੀਰਵਾਰ ਨੂੰ ਦੂਜੇ ਦਿਨ ਦੀ ਬੈਠਕ ਹੋਈ। ਬੈਠਕ ਦੇ ਨਤੀਜਿਆਂ ਦਾ ਐਲਾਨ ਅੱਜ ਹੋ ਸਕਦਾ ਹੈ। ਰਿਜ਼ਰਵ ਬੈਂਕ ਇਸ ਸਾਲ ਲਗਾਤਾਰ ਚਾਰ ਵਾਰ ਰੈਪੋ ਦਰ 'ਚ 1.10 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ। ਅਗਸਤ ਦੀ ਮੌਦਰਿਕ ਨੀਤੀ ਬੈਠਕ 'ਚ ਐਮ.ਪੀ.ਸੀ. ਨੇ ਰੈਪੋ ਦਰ ਨੂੰ 0.35 ਫੀਸਦੀ ਘਟਾ 5.40 ਫੀਸਦੀ ਕਰ ਦਿੱਤਾ। ਇਕ ਹੋਰ ਖਾਸ ਗੱਲ ਇਹ ਹੈ ਕਿ ਐਮ.ਪੀ.ਸੀ. ਦੀ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂਕਿ ਰਿਜ਼ਰਵ ਬੈਂਕ ਨੇ ਆਪਣੇ ਸਾਰੇ ਬੈਂਕਾਂ ਨੂੰ 1 ਅਕਤਬੂਰ ਤੋਂ ਆਪਣੇ ਸਾਰੇ ਕਰਜ਼ਿਆਂ ਨੂੰ ਬਾਹਰੀ ਮਿਆਰਾਂ ਮਤਲਬ ਰੈਪੋ ਦਰ ਨਾਲ ਜੋੜਣ ਲਈ ਕਿਹਾ ਹੈ। ਇਸ ਨਾਲ ਰਿਜ਼ਰਵ ਬੈਂਕ ਵਲੋਂ ਵਿਆਜ ਦਰ 'ਚ ਕਟੌਤੀ ਦਾ ਲਾਭ ਗਾਹਕਾਂ ਤੱਕ ਜਲਦੀ ਪਹੁੰਚੇਗਾ। ਜਾਣਕਾਰਾਂ ਮੁਤਾਬਕ ਇਸ ਵਾਰ 25 ਤੋਂ 35 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਲਗਾਤਾਰ ਪੰਜਵੀਂ ਵਾਰ ਰੇਪੋ ਦਰ ਦੇ ਮੋਰਚਿਆਂ 'ਤੇ ਰਾਹਤ ਮਿਲੇਗੀ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਮਹਿੰਗਾਈ ਦਰ ਨੂੰ ਦੇਖਦੇ ਹੋਏ ਰੇਪੋ ਦਰ 'ਚ ਨਰਮੀ ਦੀ ਗੁੰਜਾਇਸ਼ ਬਣੀ ਹੋਈ ਹੈ। ਬੀਤੇ ਦਿਨੀਂ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੰਪਨੀ ਟੈਕਸ 'ਤ ਕਟੌਤੀ ਦੇ ਨਾਲ ਵੱਖ-ਵੱਖ ਵਸਤੂਆਂ 'ਤੇ ਜੀ.ਐਸ.ਟੀ. ਰੇਟ 'ਚ ਕਟੌਤੀ ਨੂੰ ਦੇਖਦੇ ਹੋਏ ਸਰਕਾਰ ਲਈ ਵਿੱਤੀ ਦਾਇਰਾ ਸੀਮਤ ਹੈ। ਅਜਿਹੇ 'ਚ ਉਮੀਦ ਹੈ ਕਿ ਕੇਂਦਰੀ ਬੈਂਕ ਅਰਥਵਿਵਸਥਾ 'ਚ ਤੇਜ਼ੀ ਲਿਆਉਣ ਲਈ ਰੇਪੋ ਰੇਟ 'ਚ ਰਾਹਤ ਦੇਣ।