ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦਿਹਾਤੀ ਖੇਤਰਾਂ 'ਚ ਗ਼ਰੀਬਾਂ, ਲੋੜਵੰਦਾਂ ਅਤੇ ਮਜ਼ਦੂਰਾਂ ਨੂੰ ਘੱਟੇ-ਘੱਟ 100 ਦਿਨ ਦੇ ਕੰਮ ਦੀ ਗਰੰਟੀ ਦਿੰਦੀ ਮਗਨਰੇਗਾ ਯੋਜਨਾ 'ਚ ਕਰੋੜਾਂ ਰੁਪਏ ਦੀ ਗੜਬੜੀ ਦੇ ਦੋਸ਼ ਲਗਾਉਂਦੇ ਹੋਏ ਮੌਜੂਦਾ ਚਰਨਜੀਤ ਸਿੰਘ ਚੰਨੀ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜੇਕਰ ਉਹ ਸਹੀ ਅਰਥਾਂ 'ਚ ਗ਼ਰੀਬਾਂ ਅਤੇ ਮਜ਼ਦੂਰਾਂ ਦੇ ਹਿਤੈਸ਼ੀ ਹਨ ਤਾਂ ਮਗਨਰੇਗਾ ਯੋਜਨਾ 'ਚ ਹੁਣ ਤੱਕ ਹੋਏ ਕਰੋੜਾਂ-ਅਰਬਾਂ ਰੁਪਏ ਦੇ ਘੁਟਾਲਿਆਂ ਅਤੇ ਫਰਜ਼ੀਫਾੜੇ ਦੀ ਸਮਾਂਬੱਧ ਜਾਂਚ ਲਈ ਇੱਕ ਜਾਂਚ ਕਮਿਸ਼ਨ ਗਠਿਤ ਕਰੇ, ਜਿਸ ਦੀ ਨਿਗਰਾਨੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਕਰੇ।
ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਗ਼ਰੀਬਾਂ ਤੇ ਦੱਬੇ-ਕੁਚਲੇ ਵਰਗ ਲਈ ਸਾਲ 2008 'ਚ ਲਾਗੂ ਕੀਤੀ ਮਨਰੇਗਾ (ਮਗਨਰੇਗਾ) ਯੋਜਨਾ ਅਧੀਨ ਪੰਜਾਬ 'ਚ ਅਰਬਾਂ ਰੁਪਏ ਦੇ ਘੁਟਾਲੇ ਹੋ ਚੁੱਕੇ ਹਨ, ਪਰੰਤੂ ਪਿਛਲੀ ਬਾਦਲ ਸਰਕਾਰ ਵਾਂਗ ਮੌਜੂਦਾ ਕਾਂਗਰਸ ਸਰਕਾਰ ਨੂੰ ਵੀ ਗ਼ਰੀਬਾਂ-ਮਜ਼ਦੂਰਾਂ ਦੀ ਕੋਈ ਪ੍ਰਵਾਹ ਨਹੀਂ ਹੈ। ਮੀਤ ਹੇਅਰ ਨੇ ਨਾਲ ਹੀ ਦਾਅਵਾ ਕੀਤਾ ਕਿ 2022 'ਚ 'ਆਪ' ਦੀ ਸਰਕਾਰ ਬਣਨ 'ਤੇ ਮਗਨਰੇਗਾ ਯੋਜਨਾ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ।
ਸਾਰੇ ਘਪਲੇ-ਘੁਟਾਲਿਆਂ ਸਮੇਤ ਸਮੁੱਚੀ ਮਗਨਰੇਗਾ ਦੀਆਂ ਸਾਰੀਆਂ ਵਿੱਤੀ ਐਂਟਰੀਆਂ ਬਾਰੇ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇਗਾ। ਘਪਲਿਆਂ-ਘੁਟਾਲਿਆਂ ਲਈ ਜ਼ਿੰਮੇਵਾਰ ਲੋਕਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੀਤ ਹੇਅਰ ਨੇ ਕਿਹਾ ਕਿ ਮਗਨਰੇਗਾ ਯੋਜਨਾ ਅਤੇ ਦਿਹਾੜੀ-ਮਜ਼ਦੂਰੀ ਲਈ ਲੋੜਵੰਦ ਗ਼ਰੀਬ ਤਬਕੇ ਬਾਰੇ ਜੇਕਰ ਸੱਤਾਧਾਰੀਆਂ ਦੀ ਨੀਅਤ ਅਤੇ ਅਮਲ ਨੀਤੀ ਸਾਫ਼ ਸੁਥਰੀ ਹੁੰਦੀ ਤਾਂ ਮਗਨਰੇਗਾ ਯੋਜਨਾ ਜਿੱਥੇ ਮਜ਼ਦੂਰ ਵਰਗ ਲਈ ਵਰਦਾਨ ਬਣਦੀ ਉੱਥੇ ਸੂਬੇ ਖ਼ਾਸ ਕਰਕੇ ਪੇਂਡੂ ਇਲਾਕਿਆਂ ਦੇ ਬਹੁਪੱਖੀ ਵਿਕਾਸ 'ਚ ਵੀ ਭਾਰੀ ਯੋਗਦਾਨ ਪਾਉਂਦੀ।
ਮੀਤ ਹੇਅਰ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਹੀ ਮਗਨਰੇਗਾ ਯੋਜਨਾ 'ਚ ਸੈਂਕੜੇ ਕਰੋੜਾਂ ਦੇ ਘਪਲੇਬਾਜ਼ੀ ਅਤੇ ਘੁਟਾਲੇਬਾਜੀ ਹੋਈ ਹੈ। ਜੇਕਰ ਪਿਛਲੀ ਬਾਦਲ ਸਰਕਾਰ ਦਾ ਵੀ ਹਿਸਾਬ ਲਿਆ ਜਾਵੇ ਤਾਂ ਇਹ ਘੁਟਾਲਾ ਕਈ ਹਜ਼ਾਰ ਕਰੋੜ ਪਾਰ ਕਰ ਸਕਦਾ ਹੈ। ਮੀਤ ਹੇਅਰ ਨੇ ਸੁਖਬੀਰ ਸਿੰਘ ਬਾਦਲ ਦੇ ਹਵਾਲੇ ਨਾਲ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਘੇਰਦੇ ਹੋਏ ਕਿਹਾ, '' ਲੰਘੀ ਜਨਵਰੀ ਮਹੀਨੇ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਉੱਤੇ ਮਗਨਰੇਗਾ ਯੋਜਨਾ 'ਚ 1000 ਕਰੋੜ ਤੋਂ ਵੱਧ ਦੇ ਘੁਟਾਲੇ ਦਾ ਦੋਸ਼ ਲਗਾਇਆ ਸੀ, ਪਰੰਤੂ ਸਿਰਫ਼ ਦੋਸ਼ ਲਗਾਇਆ ਅਤੇ ਫਿਰ ਚੁੱਪੀ ਧਾਰ ਲਈ, ਕਿਉਂਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਮਗਨਰੇਗਾ ਯੋਜਨਾ 'ਚ ਹੋਰ ਵੀ ਵੱਡੇ ਘੁਟਾਲੇ ਅਤੇ ਫਰਜ਼ੀਵਾੜੇ ਹੋਏ ਸਨ।''
ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਹ ਮਸਲਾ ਤੱਥਾਂ, ਸਬੂਤਾਂ ਅਤੇ ਦਸਤਾਵੇਜ਼ਾਂ ਨਾਲ ਵਿਧਾਨ ਸਭਾ 'ਚ ਵੀ ਆਵਾਜ਼ ਚੁੱਕੇਗੀ ਅਤੇ ਜੇਕਰ ਚੰਨੀ ਸਰਕਾਰ ਨੇ ਮਗਨਰੇਗਾ ਯੋਜਨਾ 'ਚ ਹੋਏ ਘੁਟਾਲਿਆਂ ਵਿਰੁੱਧ ਠੋਸ ਕਦਮ ਨਾ ਚੁੱਕਿਆ ਅਤੇ ਸਹੀ ਦਿਹਾੜੀਦਾਰਾਂ ਦੇ ਹਿੱਤ ਨਾ ਬਚਾਏ ਤਾਂ ਮੁੱਖ ਮੰਤਰੀ ਚੰਨੀ ਖ਼ਿਲਾਫ਼ ਸੂਬਾ ਪੱਧਰੀ ਮੋਰਚਾ ਖੋਲ੍ਹਿਆ ਜਾਵੇਗਾ।