ਇੰਦੌਰ : ਇਕ ਮਹਿਲਾ ਨੂੰ ਵਿਆਹ ਦਾ ਲਾਰਾ ਲਾ ਕੇ ਬਲਾਤਕਾਰ ਕਰਨ ਵਾਲਾ ਵਿਧਾਇਕ ਦਾ ਪੁੱਤਰ ਪਿਛਲੇ ਕਈ ਦਿਨਾਂ ਤੋਂ ਫ਼ਰਾਰ ਚਲ ਰਿਹਾ ਸੀ। ਇਸੇ ਸਬੰਧ ਵਿਚ ਮੱਧ ਪ੍ਰਦੇਸ਼ ਵਿੱਚ ਫ਼ਰਾਰ ਚੱਲ ਰਹੇ ਕਾਂਗਰਸੀ ਵਿਧਾਇਕ ਦੇ ਪੁੱਤਰ ਨੂੰ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ। ਊਜੈਨ ਤੋਂ ਕਾਂਗਰਸੀ ਵਿਧਾਇਕ ਮੁਰਲੀ ਮੋਰਵਾਲ ਦਾ ਪੁੱਤਰ ਕਰਨ ਮੋਰਵਾਲ ਪੁਲਿਸ ਨੂੰ ਬਲਾਤਕਾਰ ਦੇ ਇੱਕ ਕੇਸ ਵਿੱਚ ਲੋੜੀਂਦਾ ਸੀ ਤੇ ਉਸ ’ਤੇ 25 ਹਜ਼ਾਰ ਰੁਪਏ ਇਨਾਮ ਰੱਖਿਆ ਹੋਇਆ ਸੀ।
ਪੁਲਿਸ ਕੋਲ ਦਰਜ ਦੋਸ਼ਾਂ ਮੁਤਾਬਕ ਕਰਨ ਮੋਰਵਾਲ ਨੇ ਇੱਕ ਮਹਿਲਾ ਨੇਤਾ ਨੂੰ ਵਿਆਹ ਦਾ ਲਾਰਾ ਲਾਇਆ ਤੇ ਉਸ ਨਾਲ ਬਲਾਤਕਾਰ ਕੀਤਾ। ਇਸ ਮਗਰੋਂ ਉਹ ਪਿਛਲੇ ਸਾਢੇ 6 ਮਹੀਨੇ ਤੋਂ ਫ਼ਰਾਰ ਚੱਲ ਰਿਹਾ ਸੀ। ਉਸ ਦੀ ਗ੍ਰਿਫ਼ਤਾਰੀ ’ਤੇ 25 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਸਥਾਨਕ ਮਹਿਲਾ ਥਾਣੇ ਦੀ ਇੰਚਾਰਜ ਜਿਯੋਤੀ ਸ਼ਰਮਾ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ’ਤੇ ਕਰਨ ਮੋਰਵਾਲ ਨੂੰ ਇੰਦੌਰ ਤੋਂ ਲਗਭਗ 80 ਕਿਲੋਮੀਟਰ ਦੂਰ ਮਕਸੀ ਦੇ ਨੇੜਿਉਂ ਮਹਿਲਾ ਪੁਲਿਸ ਅਤੇ ਕ੍ਰਾਈਮ ਪ੍ਰਿਵੈਂਸ਼ਨ ਬ੍ਰਾਂਚ ਦੀ ਸਾਂਝੀ ਟੀਮ ਨੇ ਉਸ ਨੂੰ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਸ ਕਾਰ ਵਿੱਚ ਕਰਨ ਦੇ ਨਾਲ ਰਾਹੁਲ ਰਾਠੌੜ ਨਾਮ ਦਾ ਸ਼ਖਸ ਵੀ ਮਿਲਿਆ, ਹੁਣ ਵਿਧਾਇਕ ਦੇ ਬੇਟੇ ਦੇ ਫ਼ਰਾਰ ਹੋਣ ਵਿੱਚ ਰਾਠੌੜ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗ੍ਰਿਫ਼ਤਾਰੀ ਮਗਰੋਂ ਕਰਨ ਮੋਰਵਾਲ ਦੀ ਮੈਡੀਕਲ ਕਾਂਚ ਕਰਵਾਈ ਗਈ ਹੈ ਅਤੇ ਹੁਣ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਰਨ ਵਿਰੁੱਧ ਇੰਦੌਰ ਦੇ ਮਹਿਲਾ ਥਾਣੇ ਵਿੱਚ 2 ਅਪ੍ਰੈਲ ਨੂੰ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਸੀ। ਮਾਮਲਾ ਦਰਜ ਕਰਾਉਣ ਵਾਲੀ ਮਹਿਲਾ ਨੇਤਾ ਦਾ ਦੋਸ਼ ਹੈ ਕਿ ਵਿਧਾਇਕ ਦੇ 30 ਸਾਲਾ ਬੇਟੇ ਨੇ ਵਿਆਹ ਦਾ ਲਾਰਾ ਲਾ ਕੇ ਉਸ ਨਾਲ ਬਲਾਤਕਾਰ ਕੀਤਾ।