Friday, November 22, 2024
 

ਚੰਡੀਗੜ੍ਹ / ਮੋਹਾਲੀ

ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ: ਸੁਖਜਿੰਦਰ ਸਿੰਘ ਰੰਧਾਵਾ

October 17, 2021 09:24 AM

ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਕਿਸਾਨੀ ਮੋਰਚੇ ਨੂੰ ਬਦਨਾਮ ਕਰਨ ਵਾਲੇ ਗੈਰ ਸਮਾਜੀ ਤੱਤਾਂ ਦੀ ਸ਼ਨਾਖਤ ਜ਼ਰੂਰੀ

ਹਰਿਆਣਾ ਪੁਲਿਸ ਪੂਰੀ ਤਰਾਂ ਚੌਕਸ ਰਹੇ ਤੇ ਸਖ਼ਤ ਨਿਗਰਾਨੀ ਯਕੀਨੀ ਬਣਾਵੇ

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਿੰਘੂ ਬਾਰਡਰ ਵਿਖੇ ਬੀਤੀ ਸਵੇਰ ਵਾਪਰੀ ਘਟਨਾ ਦੇ ਕਾਰਨਾਂ ਦਾ ਡੂੰਘਾਈ ਨਾਲ ਪਤਾ ਲਗਾਉਣ ਲਈ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। 

ਸ. ਰੰਧਾਵਾ ਨੇ ਕਿਹਾ ਕਿ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਜਿੱਥੇ ਇਹ ਲੋਕਾਂ ਦੀ ਧਾਰਮਿਕ ਆਸਥਾ ਨਾਲ ਸੰਬੰਧ ਰੱਖਦਾ ਹੈ ਉੱਥੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਰੀਬ ਇਕ ਸਾਲ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅਕਸ ਨਾਲ ਵੀ ਸੰਬੰਧ ਰੱਖਦਾ ਹੈ। ਉਨਾਂ ਕਿਹਾ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਕਿਸਾਨੀ ਮੋਰਚੇ ਨੂੰ ਬਦਨਾਮ ਕਰਨ ਵਾਲੇ ਗੈਰ ਸਮਾਜੀ ਤੱਤਾਂ ਦੀ ਸ਼ਨਾਖਤ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਸੰਘਰਸ਼ ਨੂੰ ਸਾਬੋਤਾਜ ਕਰਨ ਦੀਆਂ ਕੋਸ਼ਿਸ਼ਾਂ ਪਹਿਲਾਂ ਤੋਂ ਹੀ ਕੀਤੀ ਜਾ ਰਹੀਆਂ ਹਨ।

ਪੰਜਾਬ ਦੇ ਉਪ ਮੁੱਖ ਮੰਤਰੀ ਜਿਨਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਕਿਹਾ ਕਿ ਹਰਿਆਣਾ ਸਰਕਾਰ ਖਾਸ ਕਰਕੇ ਹਰਿਆਣਾ ਪੁਲਿਸ ਵੀ ਇਸ ਘਟਨਾ ਤੋਂ ਆਪਣੇ ਆਪ ਨੂੰ ਵੱਖ ਨਹੀਂ ਕਰ ਸਕਦੀ ਕਿਉਂਕਿ ਅਮਨ ਕਾਨੂੰਨ ਦੀ ਵਿਵਸਥਾ ਦੀ ਜ਼ਿੰਮੇਵਾਰੀ ਸਬੰਧਤ ਸੂਬਾ ਸਰਕਾਰ ਦੀ ਹੀ ਬਣਦੀ ਹੈ। ਹਰਿਆਣਾ ਪੁਲਿਸ ਨੂੰ ਪੂਰੀ ਤਰਾਂ ਚੌਕਸ ਰਹਿਣ ਤੇ ਸਖਤ ਨਿਗਰਾਨੀ ਯਕੀਨੀ ਬਣਾਉਣ ਉਤੇ ਲੋੜ ਦਿੰਦਿਆਂ ਸ. ਰੰਧਾਵਾ ਨੇ ਸਵਾਲ ਵੀ ਕੀਤਾ ਕਿ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਜੁੜੇ ਬੈਠੇ ਹੋਣ ਅਤੇ ਧਾਰਮਿਕ ਗ੍ਰੰਥ ਵੀ ਸੁਸ਼ੋਭਿਤ ਹੋਣ ਉਥੇ ਸੁਰੱਖਿਆ ਦੇ ਕਰੜੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ।

 

Have something to say? Post your comment

Subscribe