ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਨੇ ਯੂਆਈਈਟੀ (UIET) ਤੇ ਯੂਆਈਸੀਈਟੀ (UICET) ਇੰਸਟੀਚਿਊਟ ’ਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। 2021-22 ਸੈਸ਼ਨ ’ਚ ਬੀਟੈੱਕ-ਬੀਈ ਪਹਿਲੇ ਸਾਲ ਦੇ ਦਾਖ਼ਲੇ ਦੀਆਂ ਸੀਟਾਂ ’ਚ ਕਟੌਤੀ ਕਰ ਦਿੱਤੀ ਹੈ।
ਪੀਯੂ ਦੇ ਯੂਆਈਈਟੀ (UIET) ਅਤੇ ਯੂਆਈਸੀਈਟੀ (UICET) ਦੇ ਬੀਈ ਕੋਰਸ ਦਾਖਲੇ ਵਿਚ ਇਸ ਵਾਰ ਸਿੰਗਲ ਗਰਲ ਚਾਈਲਡ ਸਮੇਤ ਕੁਝ ਕੈਟਾਗਰੀ ਦੀਆਂ ਰਿਜ਼ਰਵ ਸੀਟਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਏਆਈਸੀਈਟੀ ਨਿਯਮਾਂ ਕਾਰਨ ਪੀਯੂ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ। ਦੱਸ ਦਈਏ ਕਿ ਦਿਹਾਤੀ ਖੇਤਰ ਅਤੇ ਸਰਹੱਦੀ ਖੇਤਰ ਕੋਟੇ ਦੀਆਂ ਸੀਟਾਂ ’ਤੇ ਵੀ ਇਸ ਵਾਰ ਦਾਖ਼ਲਾ ਨਹੀਂ ਦਿੱਤਾ ਜਾਵੇਗਾ। ਦਸਣਯੋਗ ਹੈ ਕਿ ਪੀਯੂ ਦੇ ਯੂਆਈਈਟੀ (UIET) ਅਤੇ ਯੂਆਈਸੀਈਟੀ (UICET) ਕੋਰਸ ਵਿਚ 2015-16 ਤੋਂ ਇਨ੍ਹਾਂ ਕੈਟਾਗਰੀ ਵਿਚ ਵਿਦਿਆਰਥੀਆਂ ਨੂੰ ਦਾਖ਼ਲਾ ਮਿਲ ਰਿਹਾ ਸੀ।
ਦਿਹਾਤੀ ਵਿਦਿਆਰਥੀਆਂ ਨੂੰ ਪੀਯੂ ਦੇ ਇਸ ਫ਼ੈਸਲੇ ਨਾਲ ਵੱਧ ਨੁਕਸਾਨ ਹੋਵੇਗਾ। ਪੀਯੂ ਫ਼ੈਸਲੇ ਨਾਲ ਯੂਆਈਈਟੀ ’ਚ (40-45 ਸੀਟਾਂ) ਅਤੇ ਯੂਆਈਸੀਈਟੀ ’ਚ (15-20) ਬੀਈ-ਬੀਟੈੱਕ ਦੀਆਂ 60 ਤੋਂ ਵੱਧ ਸੀਟਾਂ ਘਟ ਜਾਣਗੀਆਂ। ਕੈਂਸਰ ਅਤੇ ਥੈਲੇਸੀਮੀਆ ਪੀੜਤ ਰਿਜ਼ਰਵ ਸੀਟਾਂ ਵੀ ਖਤਮ ਕੀਤੇ ਜਾਣ ਦੀ ਜਾਣਕਾਰੀ ਹੈ।
ਇੰਜੀਨੀਅਰਿੰਗ ਕੋਰਸਾਂ ਵਿਚ ਦਾਖ਼ਲੇ ਲਈ ਗਠਿਤ ਜੁਆਇੰਟ ਐਡਮਿਸ਼ਨ ਕਮੇਟੀ (JAC) ਨੂੰ ਡੀਯੂਆਈ ਦਫਤਰ ਤੋਂ ਇਨ੍ਹਾਂ ਸੀਟਾਂ ’ਤੇ ਦਾਖ਼ਲੇ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਐਡਮਿਸ਼ਨ ਕਮੇਟੀ ਨਾਲ ਸਬੰਧਤ ਅਧਿਕਾਰੀਆਂ ਅਨੁਸਾਰ ਏਆਈਸੀਈਟੀ ਨਿਯਮਾਂ ਕਾਰਨ ਯੂਆਈਈਟੀ(UIET) ਅਤੇ ਯੂਆਈਸੀਈਟੀ (UICET) ’ਚ ਸਿੰਗਲ ਗਰਲ ਚਾਈਲਡ ਅਤੇ ਹੋਰ ਕੁਝ ਕੋਟਿਆਂ ਦੀਆਂ ਸੀਟਾਂ ਨੂੰ ਇਸ ਵਾਰ ਖਤਮ ਕਰ ਦਿੱਤਾ ਗਿਆ ਹੈ। ਪੀਯੂ ਦੇ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਮਾਪਿਆਂ ਦਾ ਦੋਸ਼ ਹੈ ਕਿ ਪੀਯੂ ਇਕਦਮ ਇਸ ਤਰ੍ਹਾਂ ਦਾ ਫ਼ੈਸਲਾ ਨਹੀਂ ਲੈ ਸਕਦੀ।