Friday, November 22, 2024
 

ਚੰਡੀਗੜ੍ਹ / ਮੋਹਾਲੀ

ਠਾਠ ਬਾਠ ਨੂੰ ਪਾਸੇ ਕਰ CM ਚੰਨੀ ਨੇ ਸਾਦੇ ਢੰਗ ਨਾਲ ਕੀਤਾ ਪੁੱਤਰ ਦਾ ਵਿਆਹ,ਦੇਖੋ ਤਸਵੀਰਾਂ

October 10, 2021 07:52 PM

ਮੋਹਾਲੀ : ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ (CM Charanjit Singh Channi) ਦੇ ਸਪੁੱਤਰ ਨਵਜੀਤ ਸਿੰਘ ਦਾ ਵਿਆਹ ਅੱਜ ਜ਼ਿਲ੍ਹਾ ਐੱਸ. ਏ. ਐੱਸ. ਨਗਰ ਅਧੀਨ ਆਉਂਦੇ ਕਸਬਾ ਡੇਰਾਬੱਸੀ ਦੇ ਪਿੰਡ ਅਮਲਾਲਾ ਦੇ ਰਹਿਣ ਵਾਲੀ ਸਿਮਰਨਧੀਰ ਕੌਰ ਨਾਲ ਪੂਰਣ ਗੁਰਮਰਿਆਦਾ ਅਨੁਸਾਰ ਮੁਹਾਲੀ ਦੇ ਫੇਜ਼ 3ਬੀ1 ਵਿਚਲੇ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਹੋਇਆ।

ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪ੍ਰੋਹਿਤ ਤੇ ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਹੋਰ ਸੀਨੀਅਰ ਆਗੂਆਂ ਅਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਨਵਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।

ਇਸ ਦੌਰਾਨ ਜਿਥੇ ਮੀਡੀਆ ਨੂੰ ਵੀ ਸਵੇਰੇ ਗੁਰਦੁਆਰਾ ਸਾਹਿਬ ਤੋਂ ਦੂਰ ਰੱਖਿਆ ਗਿਆ ਪਰ ਬਾਅਦ ਵਿਚ ਮੀਡੀਆ ਕਰਮੀਆਂ ਨੂੰ ਗੁਰਦੁਆਰਾ ਸਾਹਿਬ ਤੋਂ ਕੁੱਝ ਦੂਰੀ 'ਤੇ ਇਕ ਪਾਸੇ ਬੈਰੀਕੇਡ ਲਗਾ ਕੇ ਕਵਰੇਜ ਕਰਨ ਲਈ ਥਾਂ ਦੇ ਦਿੱਤੀ ਗਈ।

ਜਾਣਕਾਰੀ ਅਨੁਸਾਰ ਅੱਜ 11 ਅਕਤੂਬਰ ਨੂੰ ਖਰੜ ਦੇ ਸੰਨੀ ਇਨਕਲੇਵ ਵਿਚਲੇ ਅਰਿਸਟਾ ਰਿਜੋਰਟ ਵਿਖੇ ਮੁੱਖ ਮੰਤਰੀ ਵਲੋਂ ਰਿਸ਼ੈਪਸ਼ਨ ਪਾਰਟੀ ਦਾ ਵੀ ਆਯੋਜਨ ਕੀਤਾ ਗਿਆ, ਜਿਥੇ ਕਾਂਗਰਸ ਦੇ ਦਿਗਜ਼ ਨੇਤਾਵਾਂ ਤੋਂ ਇਲਾਵਾ ਹੋਰਨਾਂ ਰਾਜਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਦੇ ਪਹੁੰਚਣ ਦੀ ਆਸ ਹੈ।

ਅੱਜ ਵਿਆਹ ਸਮਾਗਮ ਮੌਕੇ ਨਵਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਕਾਂਗਰਸ ਪਾਰਟੀ ਦੇ ਦਿਗਜ਼ ਆਗੂਆਂ ਤੋਂਇਲਾਵਾ ਹੋਰ ਸਮਾਜਿਕ ਅਤੇ ਰਾਜਸੀ ਸਖਸ਼ੀਅਤਾ ਨੇ ਸ਼ਮੂਲੀਅਤ ਕੀਤੀ।

ਹਾਲਾਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਵਲੋਂ ਆਪਣੇ ਸਪੁੱਤਰ ਦੇ ਵਿਆਹ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਇਸ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਦਾ ਬਕਾਇਦਾ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਦੀ ਅੱਜ ਦੇ ਸਮਾਗਮ ਵਿਚ ਗੈਰਹਾਜ਼ਰੀ ਨੇ ਸਿਆਸੀ ਹਲਕਿਆਂ ਵਿਚ ਇਕ ਨਵੀਂ ਚਰਚਾ ਛੇੜ ਦਿੱਤੀ ਹੈ।

ਇਸ ਮੌਕੇ ਵੇਖਣ ਵਾਲੀ ਗੱਲ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਆਪਣੇ ਸਪੁੱਤਰ ਨਵਜੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨਾਲ ਖੁਦ ਗੱਡੀ ਚਲਾ ਕੇ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਪਹੁੰਚੇ, ਜਿਸ ਗੱਲ ਦੀ ਸਿਆਸੀ ਮਾਹਿਰਾਂ ਨੇ ਵੀ ਕਾਫੀ ਪ੍ਰਸੰਸ਼ਾ ਕੀਤੀ ਹੈ।

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ 

 

Have something to say? Post your comment

Subscribe