ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਆਪਣੀ ਤਰ੍ਹਾਂ ਦੇ ਇੱਕ ਵੱਖਰੇ ਮਾਮਲੇ ਵਿਚ ਅਦਾਲਤ ਨੂੰ ਗੁੰਮਰਾਹ ਕਰਨ ਲਈ ਇੱਕ ਪ੍ਰੇਮੀ ਜੋੜੇ ਨੂੰ 25, 000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਹਾਲਾਂਕਿ, ਹਾਈ ਕੋਰਟ ਨੇ ਪੰਚਕੂਲਾ ਪੁਲਿਸ ਕਮਿਸ਼ਨਰ ਨੂੰ ਜੋੜੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ। ਪਟੀਸ਼ਨ ਦਾਇਰ ਕਰਦਿਆਂ ਜੋੜੇ ਨੇ ਕਿਹਾ ਕਿ ਲੜਕੀ ਦੀ ਉਮਰ 20 ਸਾਲ ਅਤੇ ਲੜਕੇ ਦੀ ਉਮਰ 19 ਸਾਲ ਹੈ। ਦੋਵਾਂ ਨੇ ਵਿਆਹ ਕਰਵਾ ਲਿਆ ਹੈ ਅਤੇ ਉਨ੍ਹਾਂ ਦੇ ਜੀਵਨ ਨੂੰ ਪਰਿਵਾਰਕ ਮੈਂਬਰਾਂ ਤੋਂ ਖਤਰਾ ਹੈ। ਜਦੋਂ ਪਟੀਸ਼ਨ ਦੇ ਨਾਲ ਵਿਆਹ ਦਾ ਸਰਟੀਫਿਕੇਟ ਅਤੇ ਵਿਆਹ ਦੀਆਂ ਤਸਵੀਰਾਂ ਨਹੀਂ ਮਿਲੀਆਂ, ਤਾਂ ਹਾਈ ਕੋਰਟ ਨੇ ਜਵਾਬ ਮੰਗਿਆ। ਹਾਈ ਕੋਰਟ ਨੇ ਮੰਦਰ ਅਤੇ ਪੁਜਾਰੀ ਦੇ ਨਾਂ ਦਾ ਜ਼ਿਕਰ ਕਰਨ ਲਈ ਵੀ ਕਿਹਾ ਸੀ। ਜੋੜੇ ਵੱਲੋਂ ਇਸ ਲਈ ਸਮਾਂ ਮੰਗਿਆ ਗਿਆ ਸੀ। ਫਿਰ ਜੋੜੇ ਨੇ ਇੱਕ ਅਰਜ਼ੀ ਦਾਇਰ ਕੀਤੀ ਜਿਸ ਵਿਚ ਕਿਹਾ ਗਿਆ ਸੀ ਕਿ ਵਿਆਹ ਮੰਦਰ ਵਿਚ ਨਹੀਂ ਹੋਇਆ ਸੀ ਅਤੇ ਕੋਈ ਪੁਜਾਰੀ ਵੀ ਨਹੀਂ ਸੀ। ਉਹ ਅੰਬਾਲਾ ਦੇ ਇੱਕ ਹੋਟਲ ਵਿਚ ਰਾਤ ਠਹਿਰੇ। ਹੋਟਲ ਵਿਚ ਹੀ ਲੜਕੇ ਨੇ ਲੜਕੀ ਨਾਲ ਬਰਤਨ ਵਿਚ ਅੱਗ ਬਾਲ ਕੇ ਸੱਤ ਫੇਰੇ ਲਏ।
ਇਸ ’ਤੇ ਸਖਤ ਰੁਖ ਅਪਣਾਉਂਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਲੜਕੇ ਦੀ ਉਮਰ ਵਿਆਹ ਲਈ ਨਿਰਧਾਰਤ ਘੱਟੋ-ਘੱਟ ਉਮਰ ਤੋਂ ਘੱਟ ਹੈ, ਇਸ ਲਈ ਇਹ ਵਿਆਹ ਜਾਇਜ਼ ਨਹੀਂ ਹੈ। ਇਸਦੇ ਨਾਲ ਹੀ, ਇਸ ਕਿਸਮ ਦੇ ਵਿਆਹ ਦੀ ਦਲੀਲ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਤੋਂ ਇਲਾਵਾ ਕੁਝ ਵੀ ਨਹੀਂ ਹੈ। ਹਾਈ ਕੋਰਟ ਨੇ ਕਿਹਾ ਕਿ ਜੀਵਨ ਅਤੇ ਆਜ਼ਾਦੀ ਦੀ ਸੁਰੱਖਿਆ ਸੰਵਿਧਾਨਕ ਅਧਿਕਾਰ ਹੈ, ਜਿਸ ਤੋਂ ਇਸ ਜੋੜੇ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਈ ਕੋਰਟ ਨੇ ਪੰਚਕੂਲਾ ਪੁਲਿਸ ਕਮਿਸ਼ਨਰ ਨੂੰ ਪ੍ਰੇਮੀ ਜੋੜੇ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ’ਤੇ ਜੋੜੇ’ ਤੇ 25, 000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।