Friday, November 22, 2024
 

ਚੰਡੀਗੜ੍ਹ / ਮੋਹਾਲੀ

ਤਿਉਹਾਰਾਂ ਦੇ ਮੱਦੇਨਜ਼ਰ ਸੰਵੇਦਨਸ਼ੀਲ ਥਾਵਾਂ ’ਤੇ ਚੌਕਸੀ ਵਧਾਉਣ ਦੇ ਨਿਰਦੇਸ਼

October 02, 2021 07:46 PM

ਮੋਹਾਲੀ : ਸਰਹੱਦੀ ਸੂਬੇ ਪੰਜਾਬ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ, ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਪੁਲਿਸ (DGP) ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਸ਼ਨਿਚਰਵਾਰ ਨੂੰ ਐਸ.ਏ.ਐਸ. ਨਗਰ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਡੀਜੀਪੀ ਨੇ ਰਾਜ ਵਿੱਚ ਅੰਦਰੂਨੀ ਸੁਰੱਖਿਆ ਦੇ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ। ਇਸ ਦੌਰਾਨ ਏਡੀਜੀਪੀ ਵਰਿੰਦਰ ਕੁਮਾਰ, ADGP ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਅਤੇ ADGP ਕਾਂਊਟਰ ਇੰਟੈਲੀਜੈਂਸ ਅਤੇ ਓਸੀਸੀਯੂ ਅਮਿਤ ਪ੍ਰਸਾਦ ਵੀ ਸ਼ਾਮਲ ਸਨ।

ਇਹ ਮੀਟਿੰਗ ਅਜਿਹੇ ਸਮੇਂ ਹੋਈ ਜਦੋਂ ਰਾਜ ਵਿੱਚ ਗ੍ਰਨੇਡ ਅਤੇ ਆਰਡੀਐਕਸ ਨਾਲ ਭਰੇ ਟਿਫਿਨ ਬਾਕਸਾਂ ਦੀ ਬਰਾਮਦਗੀ ਤੋਂ ਇਲਾਵਾ ਹੋਰ ਹਥਿਆਰਾਂ ਅਤੇ ਗੋਲਾ ਬਾਰੂਦ ਵੀ ਬਰਾਮਦ ਹੋ ਰਹੇ ਹਨ, ਜੋ ਕਿ ਦੇਸ਼ ਵਿਰੋਧੀ ਅਨਸਰਾਂ ਦੁਆਰਾ ਰਾਜ ਵਿੱਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਕੋਸ਼ਿਸ਼ਾਂ ਦਾ ਸੰਕੇਤ ਹੈ। ਅੰਦਰੂਨੀ ਸੁਰੱਖਿਆ ਵਿੰਗ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ, DGP ਨੇ ਸੰਤੁਸ਼ਟੀ ਪ੍ਰਗਟਾਈ ਕਿ ਪੰਜਾਬ ਪੁਲਿਸ ਅੱਤਵਾਦ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਨਜਿੱਠਣ ਲਈ ਵੱਖੋ -ਵੱਖਰੇ ਢੰਗ ਅਖ਼ਤਿਆਰ ਕਰਕੇ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਇਸ ਸਬੰਧੀ ਵਿੱਚ ਸ਼ਾਮਲ ਲੋਕਾਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ।

ਉਨਾਂ ਕਿਹਾ ਕਿ ਸੂਬੇ ਵਿੱਚ ਸਥਿਤੀ ਬਿਲਕੁਲ ਸਾਂਤੀਪੂਰਨ ਹੈ ਅਤੇ ਪੰਜਾਬ ਪੁਲਿਸ ਕਿਸੇ ਵੀ ਚੁਣੌਤੀ ਲਈ ਤਿਆਰ-ਬਰ-ਤਿਆਰ ਹੈ। ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਤਿਉਹਾਰਾਂ ਦਾ ਮੌਸਮ ਦੇ ਚਲਦਿਆਂ ਦੇਸ਼ ਵਿਰੋਧੀ ਤੱਤਾਂ ‘ਤੇ ਚੌਕਸੀ ਵਧਾਉਣ ਦੀ ਜਰੂਰਤ ‘ ਤੇ ਜ਼ੋਰ ਦਿੰਦਿਆਂ, ਇੰਟੈਲੀਜੈਂਸ ਅਧਿਕਾਰੀਆਂ ਨੂੰ 24- ਘੰਟੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ।

ਉਨਾਂ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਵੀ ਵਿਅਕਤੀ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਅਤੇ ਤੁਰੰਤ ਫੌਜਦਾਰੀ ਕੇਸ ਦਰਜ ਕੀਤਾ ਜਾਵੇ।

DGP ਸਹੋਤਾ ਨੇ ਪੰਜਾਬ ਦੇ ਲੋਕਾਂ ਨੂੰ ਹਰ ਸਮੇਂ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਰੇਲਾਂ, ਬੱਸਾਂ ਜਾਂ ਰੈਸਟੋਰੈਂਟਾਂ ਸਮੇਤ ਕਿਤੇ ਵੀ ਕੋਈ ਸ਼ੱਕੀ ਜਾਂ ਲਾਵਾਰਿਸ ਵਸਤੂ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਪੁਲਿਸ ਨੂੰ 112 ਜਾਂ 181 ਹੈਲਪਲਾਈਨ ਨੰਬਰ ’ਤੇ ਸੂਚਨਾ ਦਿੱਤੀ ਜਾਵੇ। ਇਸ ਦੌਰਾਨ, ਏਡੀਜੀਪੀ ਆਰ.ਐਨ. ਢੋਕੇ ਨੇ ਡੀਜੀਪੀ ਨੂੰ ਹਾਲ ਹੀ ਵਿੱਚ ਰਾਜ ਵਿੱਚ ਹੋਈਆਂ ਅੱਤਵਾਦੀ ਅਤੇ ਅਪਰਾਧਿਕ ਗਤੀਵਿਧੀਆਂ ਤੋਂ ਵੀ ਜਾਣੂ ਕਰਵਾਇਆ।

 

Have something to say? Post your comment

Subscribe