ਬੇਂਗਲੁਰੂ : ਬੇਂਗਲੁਰੂ ਦੇ ਲਕਾਸਾਂਦਰਾ ’ਚ ਇਕ ਇਮਾਰਤ ਢਹਿਣ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ‘ਬੇਂਗਲੋਰ ਮਿਲਕ ਯੂਨੀਅਨ ਲਿਮਟਿਡ’ ਦੀ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਬੇਂਗਲੋਰ ਮਿਲਕ ਯੂਨੀਅਨ ਲਿਮਟਿਡ ਕੰਪਲੈਕਸ ਦੇ ਅੰਦਰ ਹੋਏ ਹਾਦਸੇ ’ਚ 3 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਖ਼ਸਤਾ ਹਾਲਤ ਵਾਲੀ ਕਰੀਬ 40 ਤੋਂ 50 ਸਾਲ ਪੁਰਾਣੀ ਇਮਾਰਤ ਉੱਥੋਂ ਰਹਿ ਰਹੇ ਕੁਝ ਪਰਿਵਾਰਾਂ ਨੂੰ ਵੰਡੀ ਗਈ ਸੀ।
ਅੱਜ ਸਵੇਰੇ ਇਮਾਰਤ ’ਚ ਤੇਜ਼ੀ ਨਾਲ ਦਰਾਰਾਂ ਆਉਣ ਲੱਗੀਆਂ, ਜਿਸ ਤੋਂ ਬਾਅਦ ਵਾਸੀਆਂ ਨੇ ਆਪਣੇ ਗੁਆਂਢੀਆਂ ਨੂੰ ਚੌਕੰਨਾ ਕੀਤਾ ਅਤੇ ਹਰ ਕੋਈ ਆਪਣੇ-ਆਪਣੇ ਘਰ ’ਚੋਂ ਬਾਹਰ ਆ ਗਿਆ। ਇਮਾਰਤ ਕੁਝ ਹੀ ਸਮੇਂ ਬਾਅਦ ਢਹਿ ਗਈ।
ਦੱਸ ਦੇਈਏ ਕਿ ਸੋਮਵਾਰ ਨੂੰ ਲਕਾਸਾਂਦਰਾ ਇਲਾਕੇ ਵਿਚ ‘ਨੱਮਾ ਮੈਟਰੋ’ ਨਿਰਮਾਣ ਮਜ਼ਦੂਰਾਂ ਨੂੰ ਰਹਿਣ ਲਈ ਦਿੱਤੀ ਗਈ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ ਸੀ। ਖੁਸ਼ਕਿਸਮਤੀ ਨਾਲ ਇਮਾਰਤ ਦੇ ਢਹਿਣ ਦੌਰਾਨ ਕੋਈ ਵੀ ਉਸ ਦੇ ਅੰਦਰ ਮੌਜੂਦ ਨਹੀਂ ਸੀ, ਜਦਕਿ 25-30 ਮਜ਼ਦੂਰ ਉੱਥੇ ਰਹਿੰਦੇ ਸਨ।